ਸਰਕਾਰੀ ਹਸਪਤਾਲ ਜਗਰਾਉਂ ਵਿੱਚ ਡੋਪ ਟੈਸਟਾਂ ਦੇ ਨਾਮ ਤੇ ਹੋ ਰਹੀ ਧਾਂਦਲੀ ਦੀ ਜਾਂਚ ਲਈ ਪਹੁੰਚੀ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ
ਦੀਪਕ ਜੈਨ
ਜਗਰਾਉਂ, 23 ਜੂਨ 2022 - ਜਗਰਾਉਂ ਦਾ ਸਰਕਾਰੀ ਹਸਪਤਾਲ ਜੋ ਪਿਛਲੇ ਸਮੇਂ ਚ ਪਹਿਲੇ ਨੰਬਰ ਤੇ ਆਉਂਦਾ ਸੀ ਇੱਕੀ ਵੇਂ ਨੰਬਰ ਤੇ ਪਹੁੰਚ ਗਿਆ ਜਿਸ ਦਾ ਵੱਡਾ ਕਾਰਨ ਹੈ ਹਸਪਤਾਲ ਦੇ ਕੰਮ ਨੂੰ ਸਹੀ ਢੰਗ ਨਾਲ ਨਾਲ ਨਿਭਾਉਂਦੇ ਹੋਏ ਆਪਣੀਆਂ ਜੇਬਾਂ ਗਰਮ ਕਰਨਾ ਜਿਸ ਦੇ ਚਲਦੇ ਪਿਛਲੇ ਦਿਨੀਂ ਜਗਰਾਉਂ ਹਸਪਤਾਲ ਅਖਬਾਰਾਂ ਅਤੇ ਚੈਨਲਾਂ ਦੀਆਂ ਸੁਰਖੀਆਂ ਵਿੱਚ ਵੀ ਰਿਹਾ ਹੈ ।
ਜਗਰਾਉਂ ਦੇ ਸਰਕਾਰੀ ਹਸਪਤਾਲ ਵਿਚ ਡਾਕਟਰਾਂ ਦੀ ਮਿਲੀਭੁਗਤ ਨਾਲ ਅਸਲਾ ਲਾਈਸੈਂਸ ਲਈ ਕੀਤੇ ਜਾ ਰਹੇ ਡੌਪ ਟੈਸਟ ਹਸਪਤਾਲ ਵਿੱਚ ਬਣੀ ਕੰਟੀਨ ਤੋਂ ਹੀ ਮੋਟੀ ਰਕਮ ਵਸੂਲ ਕੇ ਕੀਤੇ ਜਾਂਦੇ ਸਨ । ਅਖ਼ਬਾਰਾਂ ਵਿੱਚ ਖ਼ਬਰਾਂ ਲੱਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਇਸ ਗੱਲ ਤੇ ਤੁਰੰਤ ਐਕਸ਼ਨ ਲੈਂਦਿਆਂ ਹਸਪਤਾਲ ਪਹੁੰਚ ਕੇ ਪੁੱਛਗਿੱਛ ਕਰਨ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਹੁਕਮ ਜਾਰੀ ਕੀਤੇ ਜਿਸ ਦੇ ਚੱਲਦੇ ਸਿਵਲ ਸਰਜਨ ਲੁਧਿਆਣਾ ਡਾ ਐੱਸ. ਪੀ. ਸਿੰਘ ਨੇ ਵੀ ਜਗਰਾਉਂ ਹਸਪਤਾਲ ਵਿੱਚ ਪਹੁੰਚ ਕੇ ਡਾਕਟਰਾਂ ਤੋਂ ਇਸ ਬਾਬਤ ਪੁੱਛ ਗਿੱਛ ਕੀਤੀ ।
ਅੱਜ ਸਿਵਲ ਸਰਜਨ ਲੁਧਿਆਣਾ ਦੇ ਹੁਕਮਾਂ ਤੇ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਜਗਰਾਉਂ ਸਿਵਲ ਹਸਪਤਾਲ ਵਿਚ ਪਹੁੰਚੀ ਜਿਨ੍ਹਾਂ ਵਿੱਚ ਡਾ: ਅਮਨਦੀਪ ਕੌਰ, ਡਾ: ਮਨਦੀਪ ਕੌਰ ਐੱਸ. ਐੱਮ. ਓ. ਸਿਧਵਾਂ ਬੇਟ ਅਤੇ ਸਿਵਲ ਸਰਜਨ ਦਫ਼ਤਰ ਤੋਂ ਡਾਕਟਰ ਮਿਲਣ ਸ਼ਾਮਿਲ ਸਨ । ਟੀਮ ਨੂੰ ਲੀਡ ਕਰ ਰਹੀ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਡੋਪ ਟੈਸਟ ਵਿੱਚ ਹੋ ਰਹੀ ਧਾਂਦਲੀ ਬਾਰੇ ਅਖ਼ਬਾਰਾਂ ਵਿੱਚ ਲੱਗੀਆਂ ਖ਼ਬਰਾਂ ਦੇ ਚੱਲਦੇ ਸਿਵਲ ਸਰਜਨ ਦੇ ਹੁਕਮਾਂ ਨਾਲ ਜਗਰਾਉਂ ਇਸ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਹਨ ਉਨ੍ਹਾਂ ਦੀ ਟੀਮ ਵੱਲੋਂ ਤਿੰਨ ਵਿਅਕਤੀਆਂ ਦੇ ਬਿਆਨ ਲਏ ਗਏ ਹਨ ਤੇ ਇਸ ਬਾਰੇ ਰਿਪੋਰਟ ਬਣਾ ਕੇ ਉਹ ਸਿਵਲ ਸਰਜਨ ਨੂੰ ਭੇਜ ਦੇਣਗੇ ।
ਇਸ ਬਾਰੇ ਕਾਂਗਰਸੀ ਆਗੂ ਪ੍ਰਸ਼ੋਤਮ ਲਾਲ ਖਲੀਫਾ ਨੇ ਬੋਲਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਐੱਸ. ਐੱਮ. ਓ. ਪਰਦੀਪ ਮਹਿੰਦਰਾ ਦੀ ਮਿਲੀ ਭੁਗਤ ਨਾਲ ਬੇਈਮਾਨੀ ਦਾ ਬੋਲਬਾਲਾ ਹੈ ਪਿਛਲੇ ਸਮੇਂ ਵਿੱਚ ਜੋ ਡੋਪ ਟੈਸਟ ਕੀਤੇ ਗਏ ਪਲ ਉਨ੍ਹਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ । ਪ੍ਰਸ਼ੋਤਮ ਲਾਲ ਖਲੀਫਾ ਨੇ ਆਖਿਆ ਕਿ ਉਨ੍ਹਾਂ ਨੂੰ ਲੋਕਾਂ ਤੋਂ ਜਾਣਕਾਰੀ ਮਿਲੀ ਹੈ ਕਿ ਸਰਕਾਰੀ ਹਸਪਤਾਲ ਦੀਆਂ ਦਵਾਈਆਂ ਬਾਹਰ ਵੇਚੀਆਂ ਜਾਂਦੀਆਂ ਹਨ ।