ਟਿਕਟ ਘਪਲਾ: ਪੀਆਰਟੀਸੀ ਦੇ ਅਫਸਰਾਂ ਦਾ ‘ਟਾਇਰ ਪੈਂਚਰ’ ਕਰਨ ਦੀ ਤਿਆਰੀ
ਅਸ਼ੋਕ ਵਰਮਾ
ਬਠਿੰਡਾ,27 ਜੂਨ2022: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ) ਦੀਆਂ ਅੱਧੀ ਦਰਜਨ ਮੁਲਾਜਮ ਜੱਥੇਬੰਦੀਆਂ ਨੇ ਪਿਛਲੇ ਦਿਨੀਂ ਗਾਇਬ ਹੋਈਆਂ ਮਸ਼ੀਨਾਂ ਨਾਲ ਟਿਕਟਾਂ ਕੱਟਣ ਦੇ ਮਾਮਲੇ ’ਚ ਕੀਤੀ ਕਾਰਵਾਈ ਨਾਲ ਅਸਹਿਮਤੀ ਜਤਾਉਂਦਿਆਂ ਇਸ ਕਥਿਤ ਘਪਲੇ ਨੂੰ ਲੈਕੇ ਅਫਸਰਾਂ ਦੀ ਭੂਮਿਕਾ ਨੂੰ ਸ਼ੱਕੀ ਕਰਾਰ ਦਿੱਤਾ ਹੈ। ਇੰਨ੍ਹਾਂ ਜੱਥੇਬੰਦੀਆਂ ਇੰਟਕ, ਏਟਕ,ਕਰਮਚਾਰੀ ਦਲ, ਭਾਈਚਾਰਾ ਮੰਚ ਅਤੇ ਐਸ ਸੀ ਬੀ ਸੀ ਇੰਪਲਾਈਜ਼ ਅਤੇ ਸੀਟੂ ਨੇ ਐਕਸ਼ਨ ਕਮੇਟੀ ਬਣਾਈ ਹੈ ਜਿਸ ਨੇ ਅਗਾਮੀ 5 ਜੁਲਾਈ ਨੂੰ ਬਠਿੰਡਾ ਡਿਪੂ ਅੱਗੇ ਗੇਟ ਰੈਲੀ ਦਾ ਐਲਾਨ ਕਰ ਦਿੱਤਾ ਹੈ। ਟਿਕਟ ਘਪਲੇ ਦੇ ਅਸਲ ਦੋਸ਼ੀਆਂ ਨੂੰ ਬੇਪਰਦ ਕਰਨ ਲਈ ਇਸ ਰੈਲੀ ਨੂੰ ਸਫਲ ਬਨਾਉਣ ਵਾਸਤੇ ਜੱਥੇਬੰਦੀਆਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ।
ਐਕਸ਼ਨ ਕਮੇਟੀ ਦੇ ਆਗੂ ਗੁਰਜੰਟ ਸਿੰਘ,ਗੁਰਦਿਆਲ ਸਿੰਘ ਅਤੇ ਨਛੱਤਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਭਾਵੇਂ ਪੀ ਆਰਟੀ ਸੀ ਦੇ ਮੈਨੇਜਿੰਗ ਡਾਇਰੈਕਟਰ ਦੀ ਸ਼ਕਾਇਤ ਤੇ ਟਿਕਟਾਂ ਕੱਟਣ ਦੇ ਮਾਮਲੇ ’ਚ ਕੀਤੀ ਹੇਰਾ ਫੇਰੀ ਨੂੰ ਲੈਕੇ ਦੋ ਜਣਿਆਂ ਖਿਲਾਫ ਪੁਲਿਸ ਕੇਸ ਦਰਜ ਕੀਤਾ ਹੈ ਪਰ ਕਰੋੜਾਂ ਦਾ ਕਥਿਤ ਘਪਲਾ ਵੱਡੇ ਅਧਿਕਾਰੀਆਂ ਦੀ ਕਥਿਤ ਪੁਸ਼ਤਪਨਾਹੀਂ ਤੋਂ ਬਿਨਾਂ ਸੰੰਭਵ ਨਹੀਂ ਹੈ। ਉਨ੍ਹਾਂ ਆਖਿਆ ਕਿ ਇੰਨ੍ਹਾਂ ਤੱਥਾਂ ਨੂੰ ਦੇਖਦਿਆਂ ਬਠਿੰਡਾ ਡਿਪੂ ਦੇ ਜਰਨਲ ਮੈਨੇਜਰ ਨੂੰ ਤਫਤੀਸ਼ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅਸਲੀਅਤ ਸਾਹਮਣੇ ਲਿਆਂਦੀ ਜਾ ਸਕੇ।
ਆਗੂਆਂ ਨੇ ਦੱਸਿਆ ਕਿ ਘਪਲਾ ਟਿਕਟ ਕੱਟਣ ਵਾਲੀ ਮਸ਼ੀਨ ਨਾਲ ਕੀਤਾ ਗਿਆ ਹੈ ਜੋ ਕਿਸੇ ਕਾਰਨ ਬੰਦ ਹੋ ਜਾਂਦੀ ਹੈ ਤਾਂ ਉਸ ਨੂੰ ਡਿੱਪੂ ’ਚ ਇਸ ਨਾਲ ਸਬੰਧ ਰੱਖਣ ਵਾਲੇ ਮੁਲਾਜਮ ਹੀ ਚਲਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨੂੰ ਦੇਖਦਿਆਂ ਡਿੱਪੂ ਦੇ ਕਿਸੇ ਦੂਸਰੇ ਮੁਲਾਜਮ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ’ਚ ਕੋਈ ਅਫਸਰ ਵੀ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਇਸ ਲਈ ਇਸ ਘਪਲੇ ਨੂੰ ਉੱਚ ਪੱਧਰੀ ਜਾਂਚ ਤਹਿਤ ਪੜਤਾਲਿਆ ਜਾਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਗੇਟ ਰੈਲੀ ਦਾ ਮਕਸਦ ਅਦਾਰੇ ਦੇ ਪ੍ਰਬੰਧਕਾਂ ਨੂੰ ਉੱਚ ਪੱਧਰੀ ਪੜਤਾਲ ਕਰਵਾਉਣ ਲਈ ਮਜਬੂਰ ਕਰਨਾ ਹੈ।
ਉਨ੍ਹਾਂ ਆਖਿਆ ਕਿ ਬਠਿੰਡਾ ਦਫਤਰ ’ਚ ਇੱਕ ਅਧਿਕਾਰੀ ਵੱਲੋਂ ਆਪਣੇ ਚਹੇਤਿਆਂ ਨੂੰ ਤਾਇਨਾਤ ਕੀਤਾ ਹੋਇਆ ਹੈ ਜੋ ਸੋਸ਼ਲ ਮੀਡੀਆ ਤੇ ਉਸ ਦੇ ਹੱਕ ’ਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਜਿਹੀਆਂ ਗੱਲਾਂ ਤੋਂ ਘਬਰਾਹਟ ਨਜ਼ਰ ਆ ਰਹੀ ਹੈ ਅਤੇ ਸਪਸ਼ਟ ਹੁੰਦਾ ਹੈ ਕਿ ਦਲ ’ਚ ਕਾਲਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਜਰਨਲ ਮੈਨੇਜਰ ਨੂੰ ਡਿਊਟੀ ਤੋਂ ਫਾਰਗ ਕਰਕੇ ਸ਼ਾਮਲ ਤਫਤੀਸ਼ ਨਾਂ ਕੀਤਾ ਗਿਆ ਤਾਂ ਐਕਸ਼ਨ ਕਮੇਟੀ ਭੁੱਖ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਵੇਗੀ।
ਦੱਸਣਯੋਗ ਹੈ ਕਿ ਥਾਣਾ ਕੋਤਵਾਲੀ ਪੁਲਿਸ ਨੇ ਮਸ਼ੀਨਾਂ ਦੀ ਸਹਾਇਤਾ ਨਾਲ ਟਿਕਟਾਂ ਕੱਟਣ ’ਚ ਕਥਿਤ ਘਪਲਾ ਕਰਨ ਦੇ ਮਾਮਲੇ ’ਚ ਰਾਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭੈਣੀ ਅਤੇ ਸੁਖਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਥਰਾਲਾ ਨੂੰ ਧਾਰਾ 420,409 ਤਹਿਤ ਦੋਸ਼ੀ ਨਾਮਜਦ ਕੀਤਾ ਹੈ। ਇੰਨ੍ਹਾਂ ਦੋਵਾਂ ਕੰਡਕਟਰਾਂ ਦੀ ਡਿਊਟੀ ਅਡਵਾਂਸ ਟਿਕਟਾਂ ਕੱਟਣ ਦੀ ਲੱਗੀ ਹੋਈ ਸੀ। ਐਫ ਆਈ ਆਰ ਅਨੁਸਾਰ ਰਾਮ ਸਿੰਘ ਅਤੇ ਸੁਖਪਾਲ ਸਿੰਘ ਨੇ ਟਿਕਟ ਕੱਟਣ ਮਸ਼ੀਨਾਂ ਨਾਲ ਕਥਿਤ ਤੌਰ ਤੇ ਛੇੜਖਾਨੀ ਕੀਤੀ ਸੀ। ਦੋਵਾਂ ਕੰਡਕਟਰਾਂ ਨੇ ਅਜਿਹਾ ਕਰਕੇ ਪੀ ਆਰ ਟੀ ਸੀ ਵਿਭਾਗ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਹੈ। ਹੁਣ ਇਸ ਮਾਮਲੇ ’ਚ ਐਕਸ਼ਨ ਕਮੇਟੀ ਨੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਲਈ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ।