ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ’ਚ ਰੋਸ ਪ੍ਰਦਰਸ਼ਨ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 27 ਜੂਨ,2022 : ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਦੇ ਹਲਕੇ ਹੁਸ਼ਿਆਰਪੁਰ ’ਚ ਅਗਾਮੀ 8 ਜੁਲਾਈ ਨੂੰ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ ਜਨਰਲ ਸਕੱਤਰ, ਗੁਰਬਿੰਦਰ ਸਿੰਘ ਖਮਾਣੋਂ ,ਕਿਸ਼ੋਰ ਚੰਦ ਗਾਜ, ਜਸਵੀਰ ਖੋਖਰ, ਹਰਪ੍ਰੀਤ ਗਰੇਵਾਲ ਅਤੇ ਦਰਸ਼ਨ ਚੀਮਾ ਨੇ ਦੱਸਿਆ ਕਿ ਫੀਲਡ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ ਡਿਪਟੀ ਡਾਇਰੈਕਟਰ ਪਟਿਆਲਾ ਛੁੱਟੀ ਤੇ ਚਲ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੁਪਰਡੈਂਟ ਅਤੇ ਐਫ ਏ ਦੀ ਬਦਲੀ ਹੋ ਗਈ ਹੈ ਅਤੇ ਰਜਿਸਟਰਾਰ ਵੀ ਦਫਤਰ ਵਿੱਚ ਨਹੀਂ ਹਨ ਜਿਸ ਕਾਰਨ ਫੀਲਡ ਮੁਲਾਜਮਾਂ ਦੀਆਂ ਬਦਲੀਆਂ ,ਜੀ ਪੀ ਐਫ ਦੇ ਕੇਸ , ਮੈਡੀਕਲ ਬਿਲਾਂ ਦਾ ਭੁਗਤਾਨ, ਦਰਜਾ ਤਿੰਨ ਅਤੇ ਚਾਰ ਦੀਆਂ ਪਦ ਉੱਨਤੀਆਂ ਅਤੇ ਮਿ੍ਰਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਆਦਿ ਕੰਮ ਰੁਕੇ ਹੋਏ ਹਨ।
ਇਸ ਸਬੰਧੀ ਜਥੇਬੰਦੀ ਦਾ ਵਫਦ ਮੰਤਰੀ ਨੂੰ ਮਿਲਿਆ ਤਾਂ ਉਨ੍ਹਾਂ ਭਰੋਸਾ ਦਿਵਾਇਆ ਸੀ ਕਿ ਫੀਲਡ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਪਾਵਰਾਂ ਜਲਦੀ ਹੀ ਡੈਲੀਗੇਟ ਕਰ ਦਿੱਤੀਆਂ ਜਾਣਗੀਆਂ ਪ੍ਰੰਤੂ ਅਜਿਹਾ ਨਾ ਹੋਣ ਕਾਰਨ ਫੀਲਡ ਮੁਲਾਜਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਜਥੇਬੰਦੀ ਨੇ ਮਿਤੀ 8 ਜੁਲਾਈ ਨੂੰ ਕੈਬਨਿਟ ਮੰਤਰੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਹਲਕੇ ਹੁਸ਼ਿਆਰਪਰ ਵਿਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ।