ਮਾਨਸਾ: 13 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ
ਸੰਜੀਵ ਜਿੰਦਲ
ਮਾਨਸਾ, 27 ਜੂਨ 2022 : ਲੋਕਾਂ ਨੂੰ ਸਸਤਾ ਅਤੇ ਛੇਤੀ ਨਿਆ ਮਿਲੇ, ਝਗੜਿਆਂ ਦਾ ਨਿਪਟਾਰਾ ਆਪਸੀ ਸਹਿਮਤੀ ਅਤੇ ਰਜਾਮੰਦੀ ਨਾਲ ਹੋਵੇ, ਲੋਕਾਂ ਦੇ ਮਨਾਂ ਵਿੱਚੋਂ ਦੁਸ਼ਮਣੀ ਨੂੰ ਜੜੋਂ ਖਤਮ ਕੀਤਾ ਜਾਵੇ, ਇਨ੍ਹਾਂ ਸਾਰੇ ਉਦੇਸ਼ਾ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹਮੇਸ਼ਾ ਹੀ ਲੋਕਾਂ ਦੇ ਫਾਇਦੇ ਲਈ ਤੱਤਪਰ ਰਹੀ ਹੈ। ਇਸੇ ਤਹਿਤ ਹਰ ਤੀਸਰੇ ਮਹੀਨੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਪੰਜਾਬ ਅਤੇ ਹਰਿਆਣਾ ਵਿਚ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਸ਼ਿਲਪਾ ਵਰਮਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ 13 ਅਗਸਤ 2022 ਨੂੰ ਲਗਾਈ ਜਾ ਰਹੀ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਕਰਨ ਸਬੰਧੀ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਦੀ ਅਗਵਾਈ ਵਿਚ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਗਾਤਾਰ ਮਾਨਸਾ ਅਦਾਲਤ ਦੇ ਜੱਜ ਸਾਹਿਬਾਨਾਂ ਸਬ ਡਵੀਜਨਾਂ ਬੁਢਲਾਢਾ ਅਤੇ ਸਰਦੂਲਗੜ੍ਹ ਦੇ ਜੱਜ ਸਾਹਿਬਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦਾ ਫਾਇਦਾ ਦਿੱਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਪੈਨਲ ਐਡਵੋਕੇਟਾਂ, ਬੈਂਕ ਅਧਿਕਾਰੀਆਂ ਇੰਸ਼ੋਰੈਂਸ ਕੰਪਨੀਆਂ ਜਿਲ੍ਹੇ ਦੇ ਥਾਣਿਆਂ ਦੇ ਮੁਖੀਆਂ ਸਰਪੰਚ ਸਾਹਿਬਾਨਾਂ, ਐਮ ਸੀਜ਼, ਬਾਰ ਐਸੋਸ਼ੀਏਸ਼ਨ ਮਾਨਸਾ ਬੁਢਲਾਡਾ ਅਤੇ ਸਰਦੂਲਗੜ੍ਹ ਦੇ ਆਹੁਦੇਦਾਰਾਂ ਸੀਨੀਅਰ ਸੀਟੀਜਨਾਂ ਤੋਂ ਇਲਾਵਾ ਸਮਾਜ ਦੇ ਹਰੇਕ ਵਰਗ ਦੇ ਨੁਮਾਇੰਦਿਆਂ ਨਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੇਸ ਨੈਸ਼ਨਲ ਲੋਕ ਅਦਾਲਤ ਵਿਚ ਲਗਾਉਣ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ।
ਇਸ ਲੋਕ ਅਦਾਲਤ ਵਿਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈੱਕਾਂ ਦੇ ਕੇਸ, ਬੈਂਕ, ਬਿਜਲੀ, ਪਾਣੀ ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਨੈਸ਼ਨਲ ਲੋਕ ਅਦਾਲਤ ’ਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਸ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਉਣ ਲਈ ਇਕ ਦਰਖਾਸਤ ਦੇ ਕੇ ਹੀ ਲੋਕ ਅਦਾਲਤ ਵਿੱਚ ਆਪਣਾ ਕੇਸ ਲਗਾਇਆ ਜਾ ਸਕਦਾ ਹੈ।