ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਡੇਂਗੂ ਦੇ ਮੱਦੇਨਜਰ ਹੈਲਥ ਸੁਪਰਵਾਈਜ਼ਰਾਂ ਨੂੰ ਦਿੱਤੀਆਂ ਹਦਾਇਤਾਂ
ਡੇਂਗੂ ਸੰਬੰਧੀ ਜਨ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਫੀਲਡ ਵਿਜੀਟ ਯਕੀਨੀ ਬਣਾਈ ਜਾਵੇ: ਡਾ. ਰਮਨ ਸ਼ਰਮਾ
ਜਲੰਧਰ 27 ਜੂਨ 2022- ਡੇਂਗੂ ਬੁਖਾਰ ਦੀ ਰੋਕਥਾਮ ਦੇ ਮੱਦੇਨਜ਼ਰ ਸਿਵਲ ਸਰਜਨ ਡਾ. ਰਮਨ ਸ਼ਰਮਾ ਵਲੋਂ ਦਫਤਰ ਸਿਵਲ ਸਰਜਨ ਜਲੰਧਰ ਵਿਖੇ ਜਿਲ੍ਹੇ ਦੇ ਸਮੂਹ ਹੈਲਥ ਸੁਪਰਵਾਈਜ਼ਰਾਂ ਦੀ ਮੀਟਿੰਗ ਬੁਲਾਈ ਗਈ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਪ੍ਰਤੀ ਸੁਚੇਤ ਕਰਦਿਆਂ ਜਾਗਰੂਕ ਕਰਨ ਦੀ ਹਦਾਇਤ ਕੀਤੀ ਗਈ। ਇਸ ਮੌਕੇ ਐਪੀਡਿਮੋਲੋਜਿਸਟ ਡਾ.ਸ਼ੋਭਨਾ ਬਾਂਸਲ,ਏ.ਐਮ.ਓ.ਕੁਲਵੰਤ ਸਿੰਘ ਟਾਂਡੀ,ਡਿਪਟੀ ਐਮ.ਈ.ਆਈ.ਓ.ਤਰਸੇਮ ਲਾਲ ਅਤੇ ਜਿਲ੍ਹੇ ਦੇ ਸਮੂਹ ਹੈਲਥ ਸੁਪਰਵਾਈਜ਼ਰਜ਼ ਮੌਜੂਦ ਸਨ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਡੇਂਗੂ ਦੀ ਰੋਕਥਾਮ ਸੰਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਵੱਲੋਂ ਸਿਹਤ ਸਟਾਫ਼ ਨੂੰ ਸਮੇਂ ਸਿਰ ਹਾਜਿਰੀ ਯਕੀਨੀ ਬਣਾਉਣ ਅਤੇ ਫੀਲਡ ਵਿਜੀਟ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਐਂਟੀ ਡੇਂਗੂ ਮੰਥ ਮਨਾਉਣ ਸੰਬੰਧੀ ਹਦਾਇਤ ਦਿੰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਰਪੰਚਾਂ, ਮਿਉਂਸੀਪਲ ਕਮੇਟੀਆਂ ਅਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਪ੍ਰਤੀਨਿਧੀਆਂ ਨਾਲ ਤਾਲਮੇਲ ਕਰਕੇ ਡੇਂਗੂ ਰੋਕਥਾਮ ਸੰਬੰਧੀ ਉਪਰਾਲੇ ਕੀਤੇ ਜਾਣ। ਡੇਂਗੂ ਸੰਬੰਧੀ ਜਨ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਧਾਰਮਿਕ ਥਾਵਾਂ 'ਤੇ ਅਨਾਉਸਮੈਂਟਸ ਵੀ ਕਰਵਾਇਆਂ ਜਾਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਡੇਂਗੂ ਰੋਕਥਾਮ ਸੰਬੰਧੀ ਜਾਗਰੂਕ ਹੋ ਕੇ ਡੇਂਗੂ ਬੁਖਾਰ ਤੋਂ ਬਚਿਆ ਜਾ ਸਕਦਾ ਹੈ।
ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਕਿਹਾ ਕਿ ਸੁਚੇਤ ਰਹਿ ਕੇ ਅਸੀਂ ਡੇਂਗੂ ਬੁਖਾਰ ਹੋਣ ਦੇ ਖਤਰੇ ਤੋਂ ਬਚ ਸਕਦੇ ਹਾਂ, ਉਨ੍ਹਾਂ ਦੱਸਿਆ ਕਿ ਸਾਨੂੰ ਕੂਲਰਾਂ ਵਿਚਲਾ ਪਾਣੀ ਹਫਤੇ ਵਿੱਚ ਇਕ ਵਾਰ ਜਰੂਰ ਬਦਲੋ, ਛੱਤਾਂ ਉੱਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਿਆ ਜਾਵੇ ਅਤੇ ਫਾਲਤੂ ਸਾਮਾਨ ਅਤੇ ਟਾਇਰਾਂ ਆਦਿ ਵਿੱਚ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਮੱਛਰ ਦਿਨ ਵੇਲੇ ਕੱਟਦਾ ਹੈ ਇਸ ਲਈ ਸਾਨੂੰ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰ ਭਜਾਓ ਕਰੀਮਾਂ, ਮੱਛਰਦਾਨੀ ਦੀ ਵਰਤੋ ਕੀਤੀ ਜਾ ਸਕਦੀ ਹੈ।