ਕੈਨੇਡਾ : ਕੈਲਗਰੀ ਵਿਚ ਢਾਬੇ ’ਤੇ ਰਿਲੀਜ਼ ਕੀਤਾ ਪੰਜਾਬੀ ਦਾ ਗੀਤ
ਕੈਲਗਰੀ, 28 ਜੂਨ, 2022: ਕੈਲਗਰੀ ਦੇ ਜ਼ਿੰਮੀਂਦਾਰਾ ਢਾਬੇ ਉੱਪਰ ਖਵਾਇਸ਼ ਗੀਤ ਨੁੰ ਰਿਲੀਜ਼ ਕਰਨ ਦਾ ਸਮਾਗਮ ਗੀਤਕਾਰ ਅਤੇ ਗਾਇਕ ਪਰਮਿੰਦਰ ਰਮਨ ਵੱਲੋਂ ਰੱਖਿਆ ਗਿਆ। ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਾੜੀਆਂ ਦੀ ਗੂੰਜ ਦੌਰਾਨ ਕੁੱਝ ਹੱਥਾਂ ਵਿੱਚ ਖਵਾਇਸ਼ ਵਾਲਾ ਪੋਸਟਰ ਫੜਿਆ ਹੋਇਆ ਸੀ ਜਿਸ ਉੱਪਰ ਪਰਮਿੰਦਰ ਰਮਨ ਅਤੇ ਉਸਦੀ ਜੀਵਨ ਸਾਥਣ ਦੀ ਤਸਵੀਰ ਛਪੀ ਹੋਈ ਸੀ। ਗੱਲਬਾਤ ਦੌਰਾਨ ਪਰਮਿੰਦਰ ਰਮਨ ਨੇ ਦੱਸਿਆ ਕਿ ਇਹ ਗੀਤ ਉਸਨੇ ਆਪਣੀ ਜੀਵਨ ਸਾਥਣ ਲਈ ਹੀ ਗਾਇਆ ਹੈ । ਇਸ ਗੀਤ ਗਾਉਣ ਦਾ ਮਕਸਦ ਇਹੀ ਹੈ ਕਿ ਉਸ ਦੀ ਖੁਦ ਦੀ ਭਾਵੇਂ ਦਾਹੜੀ ਚਿੱਟੀ ਹੋ ਗਈ ਹੈ ਪਰ ਬੁਢਾਪੇ ਦੇ ਦਰ ਖਲੋਤਿਆਂ ਜ਼ਿੰਦਗੀ ਦੀਆਂ ਖਾਹਿਸਾਂ ਨੂੰ ਮਰਨ ਨਹੀਂ ਦੇਣਾ ਚਾਹੀਦਾ ਸਗੋਂ ਮਨ ਵਿੱਚ ਚਾਹਤ ਲੈਕੇ ਜੀਣ ਦੀ ਇੱਛਾ ਜਵਾਨ ਰਹਿਣੀ ਚਾਹੀਦੀ ਹੈ। ਇਹੀ ਕਾਰਣ ਹੈ ਕਿ ਗੀਤ ਦੇ ਬੋਲ ਇੱਕ ਤੇਰਾ ਸਹਾਰਾ ਮਿਲ ਜਾਵੇ ਵਰਗੇ ਬਣੇ ਹਨ।ਭੰਗੜਾ ਰਿਕਾਰਡਜ਼ ਦੇ ਯੂ ਟਿਊਬ ਉੱਪਰ ਰਿਲੀਜ਼ ਕੀਤੇ ਗਏ ਇਸ ਗੀਤ ਪ੍ਰਤੀ ਪਰਮਿੰਦਰ ਰਮਨ ਦੀ ਜੀਵਨ ਸਾਥਣ ਰਮਨ ਵੀ ਬਹੁਤ ਖੁਸ਼ ਨਜ਼ਰ ਆਈ ਕਿ ਉਹਨਾਂ ਦੇ ਜੀਵਨ ਸਾਥੀ ਵੱਲੋਂ ਉਹਨਾਂ ਲਈ ਇਹ ਗੀਤ ਵਿਸੇਸ ਤੋਹਫੇ ਦੇ ਰੂਪ ਵਿੱਚ ਉਹਨਾਂ ਨੂੰ ਮਿਲਿਆ ਹੈ। ਭੰਗੜਾ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਇਸ ਗੀਤ ਦਾ ਸੰਗੀਤ ਹੈਰੀ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ ਜਦੋਂ ਕਿ ਵੀਡੀਓਗਰਾਫੀ ਕੈਲਗਰੀ ਵਾਸੀ ਕੈਮਰੇ ਦੇ ਹੁਨਰਾਂ ਨੂੰ ਬਰੀਕੀ ਨਾਲ ਜਾਨਣ ਵਾਲੇ ਪ੍ਰੋਡਿਊਸਰ ਅਤੇ ਡਾਇਰੈਕਟਰ ਰਘਬੀਰ ਢੁਡੀਕੇ ਵੱਲੋਂ ਕੀਤੀ ਗਈ ਹੈ। ਰਘਬੀਰ ਢੁਡੀਕੇ ਖੁਦ ਵੀ ਇਸ ਮੌਕੇ ਹਾਜ਼ਰ ਸਨ। ਗੀਤ ਦੀਆਂ ਲੋਕੇਸ਼ਨਾਂ ਦੀ ਮਦਦ ਲਈ ਡੀ ਐਸ ਹੋਮਜ਼ ਕੈਲਗਰੀ ਧੰਨਵਾਦ ਦੇ ਪਾਤਰ ਬਣੇ ਹਨ। ਇਸ ਮੌਕੇ ਜਿੰਮੀ ਧਨੇਰ,ਗੁਰਚਰਨ ਢੁੱਡੀਕੇ,ਬੱਬੀ ਬਰਾੜ,ਵਿਕਰਮ,ਦਲਜਿੰਦਰ ਸੰਧੂ,ਕਿਰਪਾਲ ਬਿੱਲੂ,ਹਾਕਮ ਲਿੱਟ,ਯੁਵਰਾਜ ਅਤੇ ਸੱਗੂ ਬਾਈ,ਐਨਥੋਨੀ ਅਤੇ ਮੋਨਿਕਾ ਤੋਂ ਇਲਾਵਾ ਡੀ ਐਸ ਹੋਮਜ਼ ਵਾਲੇ ਦਲਜੀਤ ਸਿੰਘ ਅਤੇ ਬਲਵੀਰ ਕੌਰ ਵਿਸੇਸ਼ ਤੌਰ ’ਤੇ ਪੁੱਜੇ ਹੋਏ ਸਨ । ਵਰਨਣਯੋਗ ਹੈ ਕਿ ਪਰਮਿੰਦਰ ਰਮਨ ਦੁਆਰਾ ਰਚਿੱਤ ਇੱਕ ਕਾਵਿ ਸੰਗ੍ਰਹਿ ਸਮੇਂ ਦੇ ਹਾਣ ਦੇ ਹੋਈਏ ਵੀ ਇਸ ਤੋਂ ਪਹਿਲਾਂ ਛਪ ਚੁੱਕਾ ਹੈ ਅਤੇ ਅਗਲੀ ਪੁਸਤਕ ਛਪਾਈ ਅਧੀਨ ਹੈ।