ਮਹਾਰਾਸ਼ਟਰ 'ਚ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਅਤੇ ਸ਼ਿੰਦੇ ਕੈਂਪ ਵਿਚ ਹਲਚਲ ਤੇਜ਼
ਮੁੰਬਈ, 28 ਜੂਨ 2022 : ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਸੰਕਟ ਦੇ ਬੱਦਲ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਇਸ ਦੌਰਾਨ ਸਰਕਾਰ ਬਣਾਉਣ ਨੂੰ ਲੈ ਕੇ ਭਾਜਪਾ ਅਤੇ ਸ਼ਿੰਦੇ ਕੈਂਪ ਵਿਚ ਵੀ ਹਲਚਲ ਤੇਜ਼ ਹੋ ਗਈ ਹੈ। ਗੁਹਾਟੀ 'ਚ ਪਹਿਲੀ ਵਾਰ ਏਕਨਾਥ ਸ਼ਿੰਦੇ ਹੋਟਲ ਦੇ ਬਾਹਰ ਨਜ਼ਰ ਆਏ, ਜਦਕਿ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਅਚਾਨਕ ਮੁੰਬਈ ਤੋਂ ਦਿੱਲੀ ਪਹੁੰਚ ਗਏ, ਉਹ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ। ਇਸ ਦੌਰਾਨ ਏਕਨਾਥ ਸ਼ਿੰਦੇ ਦੇ ਗੁਹਾਟੀ ਤੋਂ ਦਿੱਲੀ ਜਾਂ ਮੁੰਬਈ ਪਹੁੰਚਣ ਦੇ ਵੀ ਕਿਆਸ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਊਧਵ ਠਾਕਰੇ ਨੇ ਸ਼ਾਮ 5 ਵਜੇ ਕੈਬਨਿਟ ਦੀ ਬੈਠਕ ਬੁਲਾਈ ਹੈ।
ਬਾਗ਼ੀ ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕਰਨ ਲਈ ਕਿਹਾ ਜੋ ਉਨ੍ਹਾਂ ਦੇ ਸੰਪਰਕ ਵਿੱਚ ਹਨ। ਸ਼ਿੰਦੇ ਨੇ ਹੋਟਲ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ 50 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਸ਼ਿੰਦੇ ਦੇ ਨਾਲ ਗੁਹਾਟੀ ਦੇ ਹੋਟਲ 'ਚ ਰੁਕੇ ਪਾਰਟੀ ਦੇ ਕਰੀਬ 20 ਵਿਧਾਇਕ ਉਨ੍ਹਾਂ ਦੇ ਸੰਪਰਕ 'ਚ ਹਨ ਅਤੇ ਉਹ ਮਹਾਰਾਸ਼ਟਰ ਪਰਤਣਾ ਚਾਹੁੰਦੇ ਹਨ।
ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਦੇ ਵਿਚਕਾਰ, ਸਭ ਦੀਆਂ ਨਜ਼ਰਾਂ ਭਾਜਪਾ ਦੇ 'ਚਾਣਕਯ' ਯਾਨੀ ਅਮਿਤ ਸ਼ਾਹ 'ਤੇ ਟਿਕੀਆਂ ਹੋਈਆਂ ਹਨ। ਦਰਅਸਲ ਦੇਵੇਂਦਰ ਫੜਨਵੀਸ ਦਿੱਲੀ ਪਹੁੰਚ ਚੁੱਕੇ ਹਨ। ਉਹ ਥੋੜ੍ਹੀ ਦੇਰ 'ਚ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ। ਖਬਰ ਹੈ ਕਿ ਏਕਨਾਥ ਸ਼ਿੰਦੇ ਵੀ ਦਿੱਲੀ ਲਈ ਰਵਾਨਾ ਹੋ ਸਕਦੇ ਹਨ।