ਗੈਂਗਸਟਰ ਮੁਖਤਾਰ ਅੰਸਾਰੀ ਨੂੰ ਫ਼ਰਜੀ ਕੇਸ ਚ ਪੰਜਾਬ ਰੱਖਣ ਦਾ ਰੇੜਕਾ; ਹਰਜੋਤ ਬੈਂਸ ਨੇ FIR ਦਾ ਕੀਤਾ ਐਲਾਨ
ਪੰਜਾਬ ਦਾ ਲਾਅ ਐਂਡ ਆਰਡਰ ਮੁਖ਼ਤਾਰ ਅੰਸਾਰੀ ਕਰਕੇ ਖ਼ਰਾਬ ਹੋਇਆ- ਹਰਜੋਤ ਬੈਂਸ
ਜੇਕਰ ਤੁਹਾਡੇ ਕੋਲ ਸਬੂਤ ਹੈਗੇ ਨੇ ਤਾਂ ਸਬੂਤ ਦਿਓ ਜਾਂ ਫਿਰ ਆਪਣੇ ਅਹੁਦੇ ਤੋਂ ਅਸਫ਼ੀਤਾ ਦਿਓ- ਬਾਜਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 28 ਜੂਨ 2022- ਮਸ਼ਹੂਰ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਕਥਿਤ ਫ਼ਰਜੀ ਐਫ਼.ਆਈ.ਆਰ. ਵਿੱਚ ਪੰਜਾਬ ਰੱਖਣ ਦਾ ਮਾਮਲਾ ਫਿਰ ਤੋਂ ਅੱਜ ਚਰਚਾ ਦਾ ਵਿਸ਼ਾ ਬਣ ਗਿਆ। ਦਰਅਸਲ, ਪੰਜਾਬ ਵਿਧਾਨ ਸਭਾ ਵਿਚ ਅੱਜ ਜਦੋਂ ਜੇਲ੍ਹ ਮੰਤਰੀ ਹਰਜੋਤ ਬੈਂਸ ਸੰਬੋਧਨ ਕਰ ਰਹੇ ਸਨ ਤਾਂ, ਉਸੇ ਦੌਰਾਨ ਹੀ ਉਨ੍ਹਾਂ ਨੇ ਗੈਂਗਸਟਰ ਮੁਖਤਾਰ ਅੰਸਾਰੀ ਦਾ ਵੀ ਜਿਕਰ ਕੀਤਾ ਅਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ, ਤਤਕਾਲੀ ਸਰਕਾਰ ਵਲੋਂ ਉਹਨੂੰ ਫ਼ਰਜੀ ਐਫ਼.ਆਈ.ਆਰ ਦੇ ਤਹਿਤ ਪੰਜਾਬ ਦੀ ਜੇਲ੍ਹ ਦੇ ਅੰਦਰ ਬੰਦ ਕੀਤਾ ਗਿਆ, ਜਿਥੇ ਉਹਦੀ ਪਤਨੀ ਵੀ, ਉਸਦੇ (ਮੁਖ਼ਤਾਰ ਅੰਸਾਰੀ) ਨਾਲ ਰਹੀ।
ਬੈਂਸ ਦਾ ਵੱਡਾ ਦੋਸ਼ ਸੀ ਕਿ, ਜੇਲ੍ਹ ਵਿੱਚ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਿਲਿਆ। ਉਨ੍ਹਾਂ ਕਿਹਾ ਕਿ, ਮੁਖ਼ਤਾਰ ਅੰਸਾਰੀ ਨੂੰ ਪੇਸ਼ ਕਰਨ ਦਾ 55 ਲੱਖ ਰੁਪਏ ਬਿੱਲ ਸਾਨੂੰ ਆਇਆ, ਪਰ ਅਸੀਂ ਬਿੱਲ ਕਿਉਂ ਦੇਈਏ? ਗੈਂਗਸਟਰ ਨੂੰ ਸਹੂਲਤਾਂ ਦੇਣ ਦਾ ਬਿੱਲ ਅਸੀਂ ਕਿਉਂ ਦਈਏ? ਬੈਂਸ ਨੇ ਇੱਥੋਂ ਤੱਕ ਦੋਸ਼ ਲਗਾ ਦਿੱਤਾ ਕਿ, ਪੰਜਾਬ ਦਾ ਲਾਅ ਐਂਡ ਆਰਡਰ ਮੁਖ਼ਤਾਰ ਅੰਸਾਰੀ ਕਰਕੇ ਖ਼ਰਾਬ ਹੋਇਆ ਹੈ।
ਉਨ੍ਹਾਂ ਕਿਹਾ ਕਿ, ਸੀਨੀਅਰ ਐਡਵੋਕੇਟ ਆਫ਼ ਇੰਡੀਆ ਜਿਸ ਦੀ ਜੇਕਰ ਤਰੀਕ ਪੈ ਜਾਵੇ ਤਾਂ, 11 ਲੱਖ ਪੰਜਾਬੀ ਦੇਣਗੇ, ਜੇ ਤਰੀਕ ਨਹੀਂ ਪੈਂਦੀ ਤਾਂ, ਸਾਢੇ 5 ਲੱਖ ਰੁਪਏ ਪੰਜਾਬੀ ਦੇਣਗੇ, ਇਹ ਕਿੱਥੋਂ ਦਾ ਇਨਸਾਫ਼ ਹੈ? ਇਸ ਮਸਲੇ ਤੇ ਬਹਿਸ ਦੌਰਾਨ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ, ਮੰਤਰੀ ਬੈਂਸ ਨੂੰ ਕਿਹਾ ਕਿ, ਜੇਕਰ ਤੁਹਾਡੇ ਕੋਲ ਇਸ ਸਬੰਧੀ ਸਬੂਤ ਹੈਗੇ ਨੇ ਤਾਂ, ਸਬੂਤ ਦਿਓ ਜਾਂ ਫਿਰ ਆਪਣੇ ਅਹੁਦੇ ਤੋਂ ਅਸਫ਼ੀਤਾ ਦਿਓ।
ਪ੍ਰਤਾਪ ਬਾਜਵਾ ਦੇ ਇਸ ਬਿਆਨ ਤੇ ਮੰਤਰੀ ਬੈਂਸ ਨੇ ਕਿਹਾ ਕਿ, ਉਨ੍ਹਾਂ ਵਲੋਂ ਪਹਿਲਾਂ ਹੀ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ, ਮੈਂ ਸਾਈਨ ਕਰਕੇ ਮੁੱਖ ਮੰਤਰੀ ਨੂੰ ਭੇਜੇ ਹੋਏ ਹਨ ਅਤੇ ਅਗਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।