ਕੇਂਦਰੀ ਟੀਮ ਨੇ ਜ਼ਿਲ੍ਹੇ ਅੰਦਰ ਪਾਣੀ ਦੀ ਸਾਂਭ-ਸੰਭਾਲ ਲਈ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ, ਪ੍ਰਗਟਾਈ ਸੰਤੁਸ਼ਟੀ
- ਪਾਣੀ ਦੀ ਸਾਂਭ ਸੰਭਾਲ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ-ਡਿਪਟੀ ਕਮਿਸ਼ਨਰ
ਸੰਜੀਵ ਜਿੰਦਲ
ਮਾਨਸਾ, 28 ਜੂਨ 2022 : ਪਾਣੀ ਦੀ ਸਾਂਭ-ਸੰਭਾਲ ਲਈ ਜਲ ਸ਼ਕਤੀ ਅਭਿਆਨ-2 (ਕੈਚ ਦ ਰੇਨ ਕੰਪੇਨ) ਤਹਿਤ ਜ਼ਿਲਾ ਪੱਧਰ ’ਤੇ ਚਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਕੇਂਦਰੀ ਨੋਡਲ ਅਫਸਰ ਸੁਮਨ ਚਟਰਜੀ ਅਤੇ ਵਿੱਦਿਆ ਨੰਦ ਨੇਗੀ ਵੱਲੋਂ ਮਾਨਸਾ ਜਿਲ੍ਹੇ ਦਾ ਦੌਰਾ ਕੀਤਾ ਗਿਆ।
ਸਥਾਨਕ ਕਾਨਫਰੰਸ ਹਾਲ ਵਿਖੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਮੌਜੂਦਗੀ ਦੌਰਾਨ ਕੇਂਦਰੀ ਟੀਮ ਨੂੰ ਜਿਲ੍ਹੇ ਅੰਦਰ ਮੀਂਹ ਦੇ ਪਾਣੀ ਨੂੰ ਸਾਂਭਣ, ਆਮ ਲੋਕਾਂ ਨੰੂ ਪਾਣੀ ਦੀ ਸੁਚੱਜੀ ਵਰਤੋਂ ਕਰਨ, ਜਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਲਗਾਤਾਰ ਘੱਟ ਰਹੇ ਪੱਧਰ ਨੂੰ ਸਥਿਰ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਆਦਿ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਕੇਂਦਰੀ ਟੀਮ ਨੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਨੂੰ ਹਰਿਆ ਭਰਿਆ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਹਰ ਵਰਗ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਣੀ ਦੀ ਸਾਂਭ ਸੰਭਾਲ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।
ਕੇਂਦਰੀ ਟੀਮ ਦੇ ਅਧਿਕਾਰੀਆਂ ਵੱਲੋਂ ਪਿੰਡ ਜਵਾਰਕੇ, ਨੰੰਗਲ ਖੁਰਦ, ਬਰਨਾਲਾ, ਬੋੜਾਵਾਲ, ਹਸਨਪੁਰ, ਚੱਕ ਭਾਈਕੇ, ਦੋਦੜਾ, ਧਲੇਵਾਂ, ਹੀਰੋ ਕਲਾਂ, ਖੀਵਾ ਖੁਰਦ, ਕੋਟੜਾ ਕਲਾਂ, ਖਿਆਲਾ ਕਲਾਂ, ਭੈਣੀ ਬਾਘਾ, ਖੋਖਰ ਕਲਾਂ ਪਿੰਡਾਂ ਵਿਖੇ ਜਲ ਸ਼ਕਤੀ ਕੇਂਦਰ, ਪਲਾਂਟੇਸ਼ਨ ਸਾਈਟਸ, ਨਹਿਰਾਂ ਦੀ ਸਾਂਭ ਸੰਭਾਲ, ਮਾਡਲ ਪੌਂਡ, ਅਮਿ੍ਰਤ ਸਰੋਵਰ ਸਾਈਟਸ, ਡਰੇਨਜ਼ ਦੇ ਕੰਮ, ਨੇਚਰ ਪਾਰਕ, ਨਰਸਰੀਆਂ, ਸੋਕਪਿੱਟ ਤੇ ਵਾਟਰ ਰੀਚਾਰਜ਼, ਸੜਕਾਂ ਦੇ ਕਿਨਾਰਿਆਂ ਦੇ ਪਲਾਂਟੇਸ਼ਨ ਆਦਿ ਦੇ ਕੰਮਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਸ਼ਹਿਰੀ/ਵਿਕਾਸ) ਆਈ.ਏ.ਐਸ ਟੀ. ਬੈਨਿਥ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨਵਨੀਤ ਜੋਸ਼ੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ ਅਤੇ ਕੋਆਰਡੀਨੇਟਰ ਮਗਨਰੇਗਾ ਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।