ਲੰਪੀ ਚਮੜੀ ਰੋਗ: ਸੀਨੀਅਰ ਵੈਟਸ ਵਲੋਂ ਸਰਕਾਰ ਨੂੰ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ
ਮੋਹਾਲੀ, 6 ਅਗਸਤ, 2022: ਸੀਨੀਅਰ ਵੈਟਸ ਐਸੋਸੀਏਸ਼ਨ ਨੇ ਅੱਜ ਇੱਥੇ ਇੱਕ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਤੇ ਪਸ਼ੂ ਪਾਲਣ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਰਾਜ ਵਿੱਚ ਪਸ਼ੂਆਂ ਵਿੱਚ ਫੈਲੇ ਲੰਪੀ ਚਮੜੀ ਰੋਗ ਨੂੰ ਕਾਬੂ ਵਿੱਚ ਲਿਆਉਣ ਲਈ ਪਸ਼ੂ ਪਾਲਣ ਵਿਭਾਗ ਨੂੰ ਉਦਾਰਵਾਦੀ ਫੰਡ ਅਲਾਟ ਕਰਨ।
ਪੰਜਾਬ ਦੇ ਸਾਬਕਾ ਸੰਯੁਕਤ ਡਾਇਰੈਕਟਰ ਪਸ਼ੂ ਪਾਲਣ ਅਤੇ ਮੈਂਬਰ ਪੰਜਾਬ ਰਾਜ ਵੈਟਰਨਰੀ ਕੌਂਸਲ ਡਾ: ਗੁਰਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਰਿਪੋਰਟਾਂ ਅਨੁਸਾਰ ਐਲ ਐਸ ਡੀ ਸੂਬੇ ਭਰ ਵਿੱਚ ਫੈਲ ਚੁੱਕੀ ਹੈ, ਜਿਸ ਕਾਰਨ ਡੇਅਰੀ ਫਾਰਮਰਾਂ ਨੂੰ ਪਸ਼ੂਆਂ ਦੀ ਮੌਤ ਅਤੇ ਪੈਦਾਵਾਰ ਘਟਣ ਦੇ ਰੂਪ ਵਿੱਚ ਭਾਰੀ ਮਾਲੀ ਨੁਕਸਾਨ ਹੋਇਆ ਹੈ। ਪੰਜਾਬ ਸਰਕਾਰ ਨੂੰ ਇਸ ਕੁਦਰਤੀ ਆਫ਼ਤ ਦੌਰਾਨ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਇਸ ਛੂਤ ਵਾਲੀ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਇੱਕ ਠੋਸ ਯੋਜਨਾ ਤਿਆਰ ਕਰਨ ਲਈ ਮਾਹਿਰਾਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ।
ਪੰਜਾਬ ਦੇ ਸਾਬਕਾ ਡਾਇਰੈਕਟਰ ਪਸ਼ੂ ਪਾਲਣ ਡਾ: ਸੰਜੀਵ ਖੋਸਲਾ ਅਤੇ ਸਾਬਕਾ ਸੀ।ਈ।ਓ, ਪੰਜਾਬ ਗਊ ਸੇਵਾ ਕਮਿਸ਼ਨ ਡਾ: ਨਿਤਿਨ ਕੁਮਾਰ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਜ਼ਿਲ੍ਹਿਆਂ ਨੂੰ ਇਲਾਜ ਲਈ ਅਲਾਟ ਕੀਤੇ ਗਏ ਫੰਡ ਬਹੁਤ ਮਾਮੂਲੀ ਹਨ, ਕਿਉਂਕਿ ਇੱਕ ਪਸ਼ੂ ਦੇ ਇਲਾਜ ਲਈ ਘੱਟੋ ਘੱਟ 1000 ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਅਤੇ ਇਸ ਦਰ ਨਾਲ ਪੰਜ ਲੱਖ ਰੁਪਏ ਵਿਚ ਸਿਰਫ 500 ਪਸ਼ੂਆ ਦਾ ਹੀ ਇਲਾਜ ਕੀਤਾ ਜਾ ਸਕਦਾ ਹੈ।
ਸੰਯੁਕਤ ਡਾਇਰੈਕਟਰ ਅਤੇ ਪ੍ਰਿੰਸੀਪਲ, ਸਰਕਾਰੀ ਵੈਟਰਨਰੀ ਪੌਲੀਟੈਕਨਿਕ, ਕਾਲਝਰਾਣੀ ਡਾ: ਬਿਮਲ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਲੋੜੀਂਦੇ ਫੰਡ ਜਾਰੀ ਕਰਨੇ ਚਾਹੀਦੇ ਹਨ ਅਤੇ ਪਸ਼ੂਆਂ ਦੀ ਬਰਾਮਦ ਤੇ ਦਰਾਮਦ ਅਤੇ ਆਵਾਜਾਈ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਡੇਅਰੀ ਫਾਰਮਾਂ ਵਿੱਚੋਂ ਮੱਖੀ, ਮੱਛਰ ਅਤੇ ਹੋਰ ਕੀੜੇ ਮਕੌੜਿਆਂ ਤੋਂ ਬਚਾਅ ਲਈ ਉਪਾਅ ਕਰਨ ਅਤੇ ਡੇਅਰੀ ਫਾਰਮ ਵਿੱਚ ਅਜਨਬੀਆਂ ਦੇ ਦਾਖਲੇ ’ਤੇ ਪਾਬੰਦੀ ਲਗਾਉਣ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾ: ਮਧੂਕੇਸ਼ ਪਲਟਾ, ਡਾ: ਰਘੁਨੰਦਨ ਸ਼ਰਮਾ, ਡਾ: ਰਮੇਸ਼ ਸੋਫਤ ਅਤੇ ਡਾ: ਕੇਪੀਐਸ ਪਸਰੀਚਾ ਵੀ ਹਾਜ਼ਰ ਸਨ।