ਸਰੀ ਵਿਚ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਕੈਂਡਲ ਲਾਈਟ ਮਾਰਚ
ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਦੇਣ ਦੀ ਮੰਗ ਕੀਤੀ
ਹਰਦਮ ਮਾਨ
ਸਰੀ, 29 ਨਵੰਬਰ 2022-: 22 ਨਵੰਬਰ ਨੂੰ ਸਰੀ ਦੇ ਟਮੈਨਵਿਸ ਸੈਕੰਡਰੀ ਸਕੂਲ ਵਿਚ ਵਾਪਰੀ ਛੁਰੇਬਾਜ਼ੀ ਦੀ ਇਕ ਘਟਨਾ ਵਿਚ ਮਾਰੇ ਗਏ 18 ਸਾਲਾ ਨੌਜਵਾਨ ਮਹਿਕਪ੍ਰੀਤ ਸੇਠੀ ਦੀ ਯਾਦ ਵਿਚ ਬੀਤੀ ਸ਼ਾਮ ਟਮੈਨਵਿਸ ਸਕੂਲ ਤੋਂ 120 ਸਟਰੀਟ ਦੇ 72 ਐਵੀਨਿਊ ਤੱਕ ਕੈਂਡਲ ਲਾਈਟ ਮਾਰਚ ਕੀਤਾ ਗਿਆ। ਇਸ ਕੈਂਡਲ ਲਾਈਟ ਮਾਰਚ ਦਾ ਪ੍ਰਬੰਧ ਮਹਿਕਪ੍ਰੀਤ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਰੀ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਕੀਤਾ ਗਿਆ।
ਇਸ ਮੌਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਅਤੇ ਪੀੜਤ ਦੀ ਭੈਣ ਨੇ ਬਹੁਤ ਹੀ ਦੁਖੀ ਮਨ ਨਾਲ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਨ੍ਹਾਂ ਪੁਲਿਸ ਵੱਲੋਂ ਇਸ ਕੇਸ ਦੀ ਕਾਰਵਾਈ ਵਿਚ ਤੇਜ਼ੀ ਨਾ ਲਿਆਉਣ ਦੀ ਵੀ ਆਲੋਚਨਾ ਕੀਤੀ ਅਤੇ ਪੁਲਿਸ ਦੇ ਸਿਸਟਮ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਮਹਿਕਪ੍ਰੀਤ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਤਾਂ ਇਸ ਸਿਸਟਮ ਦੀ ਭੇਂਟ ਚੜ੍ਹ ਗਿਆ ਪਰ ਅਸੀਂ ਚਾਹੁੰਦੇ ਹਾਂ ਕਿ ਸਿਸਟਮ ਵਿਚ ਸੁਧਾਰ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਹੋਰ ਨਾਲ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਨਾ ਵਾਪਰੇ। ਉਨ੍ਹਾਂ ਬਹੁਤ ਹੀ ਦੁਖੀ ਮਨ ਨਾਲ ਕਿਹਾ ਕਿ ਉਹ ਏਥੋਂ ਆਪਣਾ ਸਭ ਵੇਚ ਵੱਟ ਕੇ ਵਾਪਸ ਭਾਰਤ ਮੁੜ ਜਾਣਗੇ।
ਮਹਿਕਪ੍ਰੀਤ ਸੇਠੀ ਦੀ ਭੈਣ ਨੇ ਕਿਹਾ ਕਿ ਸਕੂਲ ਦੇ ਪ੍ਰਬੰਧਕ ਆਪਣੀ ਰੈਪੂਟੇਸ਼ਨ ਬਚਾਉਣ ਲੱਗੇ ਹੋਏ ਹਨ ਅਤੇ ਪੁਲਿਸ ਨੂੰ ਸੀ.ਸੀ.ਟੀ.ਵੀ. ਫੁਟੇਜ ਦੇਣ ਤੋਂ ਕੰਨੀ ਕਤਰਾ ਰਹੇ ਹਨ। ਇਸ ਮਾਰਚ ਵਿਚ ਸ਼ਾਮਲ ਕੁਝ ਹੋਰ ਲੋਕਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਵਿਚ ਵੇਪਿੰਗ ਅਤੇ ਡਰੱਗ ਦੀ ਆਮਦ ਸੰਬੰਧੀ ਚਿੰਤਾ ਪ੍ਰਗਟ ਕੀਤੀ।
ਅੰਤ ਸਕਾਟ ਰੋਡ ਦੇ 72 ਐਵੀਨਿਊ ਉਪਰ ਇਕੱਤਰ ਹੋਏ ਲੋਕਾਂ ਵੱਲੋਂ ਮੋਮਬੱਤੀਆਂ ਨਾਲ ਮਹਿਕਪ੍ਰੀਤ ਸੇਠੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਸ ਦੇ ਪਰਿਵਾਰ ਨੂੰ ਜਲਦੀ ਇਨਸਾਫ ਦੇਣ ਦੀ ਮੰਗ ਕੀਤੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com