ਪ੍ਰੇਰਨਾਦਾਇਕ ਅਤੇ ਪ੍ਰਭਾਵਸ਼ਾਲੀ ਰਿਹਾ ਡਾ. ਕੰਵਲਜੀਤ ਢਿੱਲੋਂ ਨਾਲ ਰੂਬਰੂ ਪ੍ਰੋਗਰਾਮ
ਹਰਦਮ ਮਾਨ
ਸਰੀ, 29 ਨਵੰਬਰ 2022-ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਰਮਿੰਦਰ ਰੰਮੀ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਔਨਲਾਈਨ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਵਿੱਚ ਇਸ ਵਾਰ ਅਧਿਆਪਨ, ਸਾਹਿਤ, ਕਲਾ ਅਤੇ ਰੰਗਮੰਚ ਨਾਲ ਜੁੜੀ ਸ਼ਖ਼ਸੀਅਤ ਡਾ. ਕੰਵਲਜੀਤ ਕੌਰ ਢਿੱਲੋਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।
ਪ੍ਰੋਗਰਾਮ ਦੇ ਆਗਾਜ਼ ਵਿਚ ਸਾਹਿਤਕ ਸਾਂਝਾਂ ਦੇ ਪ੍ਰਧਾਨ ਰਿੰਟੂ ਭਾਟੀਆ ਵੱਲੋਂ ਡਾ. ਕੰਵਲਜੀਤ ਦੀ ਜਾਣ ਪਛਾਣ ਕਰਵਾਈ ਅਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਹ ਇਕ ਅਗਾਂਹਵਧੂ ਪਰਿਵਾਰ ਵਿੱਚ ਪੈਦਾ ਹੋਏ, ਪਰਿਵਾਰ ਤੋਂ ਸਾਹਿਤਕ ਚੇਟਕ ਲੱਗੀ ਅਤੇ ਗੌਰਮਿੰਟ ਕਾਲਜ ਚੰਡੀਗੜ੍ਹ ਵਿਖੇ ਉਨ੍ਹਾਂ ਪੰਜਾਬੀ ਅਧਿਆਪਨ ਦਾ ਕਾਰਜ ਕੀਤਾ। ਉਪਰੰਤ ਡਾ. ਸਰਬਜੀਤ ਕੌਰ ਸੋਹਲ ਨੇ ਕੰਵਲਜੀਤ ਕੌਰ ਢਿੱਲੋਂ ਦਾ ਸਵਾਗਤ ਕਰਦਿਆਂ ਉਹਨਾਂ ਦੁਆਰਾ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੌਰਾਨ ਡਾ ਕੰਵਲਜੀਤ ਕੌਰ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਕਰੈਕਟਰ ਰੋਲ ਕੀਤੇ ਜਿਨ੍ਹਾਂ ਵਿੱਚ ਜੱਟ ਤੇ ਜ਼ਮੀਨ, ਜਵਾਨੀ ਜ਼ਿੰਦਾਬਾਦ, ਸ਼ਹੀਦੇ ਮੁਹੱਬਤ ਬੂਟਾ ਸਿੰਘ ਸ਼ਾਮਿਲ ਹਨ। ਉਹ ਬਹੁਤ ਵਰ੍ਹੇ ਰੰਗਮੰਚ ’ਤੇ ਕਾਰਜਸ਼ੀਲ ਰਹੇ ਅਤੇ ਨਾਟਕਾਂ ਦੇ ਸੌ ਤੋਂ ਵੱਧ ਸ਼ੋਅ ਕੀਤੇ। ਪੰਜਾਬੀ ਸਾਹਿਤ ਖੋਜ, ਆਲੋਚਨਾ ਅਤੇ ਸੰਪਾਦਨਾ ਵਿੱਚ ਵੀ ਆਪਣਾ ਯੋਗਦਾਨ ਪਾਇਆ। ਉਹਨਾਂ ਨੇ ਕੈਨੇਡਾ ਵਿਖੇ ਸਾਊਥ ਏਸ਼ੀਆ ਮੁਲਕਾਂ ਦੀਆਂ ਔਰਤਾਂ ਦੇ ਭਲੇ ਅਤੇ ਬਿਹਤਰੀ ਲਈ ‘ਦਿਸ਼ਾ’ ਸੰਸਥਾ ਬਣਾਈ ਸੰਸਥਾ' ਅਤੇ ਇਸ ਰਾਹੀਂ ਔਰਤ ਦੀ ਦ੍ਰਿਸ਼ਟੀ ਅਤੇ ਵਿਚਾਰਧਾਰਾ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਨੇ ਔਰਤ ਮਰਦ ਬਰਾਬਰੀ ਦੇ ਨਾਲ ਨਾਲ ਔਰਤਾਂ ਦੇ ਸਿੱਖਿਅਕ ਅਤੇ ਆਤਮ ਨਿਰਭਰ ਹੋਣ ਦੀ ਗੱਲ ਕਹੀ। ਉਹਨਾਂ ਭਾਰਤੀ ਔਰਤਾਂ ਅਤੇ ਕੈਨੇਡਾ ਵਿੱਚ ਰਹਿ ਰਹੀਆਂ ਭਾਰਤੀ ਔਰਤਾਂ ਦੀਆਂ ਸਮੱਸਿਆਂਵਾਂ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਦਿੱਤੇ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਕੁਲਜੀਤ ਕੌਰ ਨੇ ਕੰਵਲਜੀਤ ਢਿੱਲੋਂ ਦੇ ਪਰਿਵਾਰ, ਅਧਿਆਪਨ, ਸਮਾਜਿਕ, ਕਲਾ ਅਤੇ ਰੰਗਮੰਚ ਸਬੰਧੀ ਸਫ਼ਰ ਬਾਰੇ ਪੁੱਛਿਆ। ਪ੍ਰਸਿੱਧ ਪ੍ਰਵਾਸੀ ਲੇਖਿਕਾ ਸੁਰਜੀਤ ਕੌਰ, ਕਵਿੱਤਰੀ ਪਰਮਜੀਤ ਦਿਓਲ, ਰਛਪਾਲ ਕੌਰ ਗਿੱਲ, ਕੰਵਲਜੀਤ ਗਿੱਲ, ਨਿਸ਼ਾ ਸਿੱਧੂ, ਹਰਵਿੰਦਰ ਚੰਡੀਗੜ੍ਹ ਅਤੇ ਡਾ. ਵਨੀਤਾ ਨੇ ਕੁੱਝ ਸਵਾਲ ਪੁੱਛੇ ਅਤੇ ਕੰਵਲਜੀਤ ਦੇ ਸਮਾਜ ਸੇਵਾ ਨਾਲ ਜੁੜੇ ਕੰਮਾਂ ਦੀ ਸ਼ਲਾਘਾ ਕੀਤੀ। ਡਾ. ਅਮਰ ਜਿਉਤੀ (ਯੂ.ਕੇ.) ਵੱਲੋਂ ਲਿਖ ਕੇ ਭੇਜੇ ਗਏ ਵਿਚਾਰ ਪ੍ਰੋ. ਕੁਲਜੀਤ ਕੌਰ ਨੇ ਪੜ੍ਹਕੇ ਸੁਣਾਏ। ਰਮਿੰਦਰ ਰੰਮੀ ਨੇ ਕਿਹਾ ਕਿ ਸ਼ਾਇਦ ਔਰਤਾਂ ਬਾਰੇ ਬਹੁਤ ਸਾਰੇ ਵਿਸ਼ਿਆਂ ਉੱਤੇ ਗੱਲ-ਬਾਤ ਹੋਈ ਹੈ। ਉਹ ਵੀ ਕੈਨੇਡਾ ਵਿਚ ਸਭ ਤੋਂ ਪਹਿਲਾਂ ‘ਦਿਸ਼ਾ’ ਨਾਲ ਜੁੜੇ ਹਨ ਤੇ ਅੱਜ ਜੋ ਵੀ ਹਨ ਇਸੇ ਦੀ ਦੇਣ ਹਨ।
![](http://www.babushahi.com/punjabi/upload/cke/1669690418_Rubru2.jpeg)
ਇਸ ਮੌਕੇ ਨਵੰਬਰ ਮਹੀਨੇ ਦਾ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਈ ਮੈਗਜ਼ੀਨ ਰਿਲੀਜ਼ ਕੀਤਾ ਗਿਆ। ਅੰਤ ਵਿਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁੱਖ ਸਲਾਹਕਾਰ ਪਿਆਰਾ ਸਿੰਘ ਕੁੱਦੋਵਾਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਡਾ. ਕੰਵਲਜੀਤ ਢਿੱਲੋਂ ਨੂੰ ਸਵੈਜੀਵਨੀ ਲਿਖਣ ਲਈ ਆਖਿਆ ਤਾਂ ਜੋ ਹੋਰ ਔਰਤਾਂ ਉਹਨਾਂ ਤੋਂ ਸੇਧ ਲੈ ਸਕਣ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਦੇਸ਼ਾਂ ਤੋਂ ਬਹੁਤ ਸਾਰੇ ਮੈਂਬਰ ਸ਼ਾਮਲ ਹੋਏ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com