ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦਾ ਗ਼ੈਰ ਸਿੱਖ ਅਨੂਪਮਾ ਮਹਾਜਨ ਪ੍ਰਿੰਸੀਪਲ ਲਾ ਕੇ ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਚੰਨ ਚੜ੍ਹਿਆ : ਮਨਜੀਤ ਸਿੰਘ ਭੋਮਾ
ਅੰਮ੍ਰਿਤਸਰ 7 ਦਸੰਬਰ 2022 - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮਾ ਪ੍ਰਚਾਰ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੰਭੀਰ ਦੋਸ਼ ਲਾਇਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਉੱਚ ਸਿੱਖ ਵਿਦਵਾਨਾਂ ਤੇ ਮਾਹਰ ਸਿੱਖ ਡਾਕਟਰਾਂ ਨੂੰ ਅੱਖੋਂ ਪਰੋਖੇ ਕਰਕੇ ਪਿਛਲੇ ਹਫਤੇ ਇੱਕ ਗ਼ੈਰ ਸਿੱਖ ਡਾਕਟਰ ਨੂੰ ਪ੍ਰਿੰਸੀਪਲ ਲਾ ਕੇ ਪੰਥ ਦੀ ਹਿੱਕ ਵਿੱਚ ਇੱਕ ਹੋਰ ਖ਼ੰਜਰ ਖੋਭਿਆਂ ਹੈ ਅਤੇ ਸਿੱਖ ਵਿਦਵਾਨਾਂ ਤੇ ਸਿੱਖ ਡਾਕਟਰਾਂ ਦਾ ਮਨੋਬਲ ਤੋੜਿਆਂ ਹੈ। ਇਨ੍ਹਾਂ ਨੰ ਹਮੇਸ਼ਾ ਗੈਰ ਸਿੱਖਾਂ ਤੇ ਪੰਥ ਵਿਰੋਧੀ ਤਾਕਤਾਂ ਨਾਲ ਜਿਆਦਾ ਤੇਹ-ਮੋਹ ਰਿਹਾ ਹੈ ,ਜਿਸ ਕਾਰਨ ਸਿੱਖ ਵਿਰੋਧੀ ਤਾਕਤਾਂ ਪੰਜਾਬ ਵਿੱਚ ਮਜਬੂਤ ਹੋਈਆਂ ਹਨ।
ਇਹਨਾਂ ਕਾਰਨਾਂ ਕਰਕੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿਚੋਂ ਮਨਫੀ ਹੋ ਕੇ ਹਾਸ਼ੀਏ ਤੇ ਚਲਾ ਗਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ਼ ਦੀ ਗ਼ੈਰ ਸਿੱਖ ਡਾਕਟਰ ਗੀਤਾਂ ਸ਼ਰਮਾ 12 ਸਾਲ ਪ੍ਰਿਸੀਪਲ ਰਹਿ ਚੁੱਕੀ ਹੈ । ਹੁਣ ਅਗਲੇ 15 ਸਾਲ ਡਾਕਟਰ ਅਨੂਪਮਾ ਮਹਾਜਨ ਪ੍ਰਿਸੀਪਲ ਰਹਿ ਕੇ ਸਿੱਖਾਂ ਦੇ ਅਦਾਰੇ ਤੇ ਰਾਜ ਕਰੇਗੀ । ਉਹਨਾਂ ਕਿਹਾ ਪਹਿਲਾਂ ਵੀ ਵਾਈਸ ਪ੍ਰਿੰਸੀਪਲ ਰਹਿ ਕੇ ਪਰਦੇ ਪਿਛਲੇ ਦਰਵਾਜੇ ਰਾਹੀਂ ਡਾਕਟਰ ਅਨੂਪਮਾ ਮਹਾਜਨ ਇਸ ਅਦਾਰੇ ਤੇ ਰਾਜ ਕਰਦੀ ਰਹੀ ਹੈ ।
ਉਹਨਾਂ ਕਿਹਾ ਗ਼ੈਰ ਸਿੱਖਾਂ ਕੋਲ ਕਿਹੜੀ ਗਿੱਦੜਸਿੰਗੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਪਰਦੇ ਪਿਛਲੇ ਵੱਡੇ ਪ੍ਰਧਾਨ ਗ਼ੈਰ ਸਿੱਖਾਂ ਨੂੰ ਹੀ ਕਿਉਂ ਉਚ ਪੱਧਰੀ ਪਦਵੀਆਂ ਬਖਸ਼ਦੇ ਹਨ? ਉਹਨਾਂ ਕਿਹਾ ਬਾਦਲਾਂ ਨੇ ਆਪਣੇ ਰਾਜ ਵਿੱਚ ਸਿੱਖ ਕੌਮ ਦੇ ਖੂਨ ਦੇ ਪਿਆਸੇ ਸੁਮੇਧ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਈ ਰੱਖਿਆ ਤੇ ਬਾਦਲਾਂ ਦੇ ਰਾਜ ਵਿੱਚ ਹੀ ਇਜ਼ਹਾਰ ਆਲਮ ਤੇ ਉਸਦੀ ਧਰਮ ਪਤਨੀ ਵੱਡੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ ।
ਮਨਜੀਤ ਸਿੰਘ ਭੋਮਾ ਨੇ ਬੜੇ ਅਫਸੋਸ ਨਾਲ ਕਿਹਾ ਹੈ ਕਿ ਉਕਤ ਵਰਨਣ ਸ੍ਰੀ ਗੁਰੂ ਰਾਮਦਾਸ ਮੈਡਕਲ ਕਾਲਜ ਸਿੱਖ ਕੌਮ ਦੀ ਵਡਮੁੱਲੀ ਸੰਸਥਾ ਹੈ,ਬੇਸ਼ੁਮਾਰ ਸਿੱਖ ਵਿਦਵਾਨ ਤੇ ਸਿੱਖ ਡਾਕਟਰ ਸਿੱਖ ਕੌਮ ਦੇ ਕੋਲ ਹਨ ਪਰ ਉਨ੍ਹਾ ਨੂੰ ਅਹਿਮ ਨਿਯੁਕਤੀਆਂ ਤੇ ਮੌਕਾ ਨਹੀ ਦਿੱਤਾ ਜਾ ਰਿਹਾ। ਬਾਰ ਬਾਰ ਗੈਰ ਸਿੱਖ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਭਾਵਨਾ ਅਨੁਸਾਰ ਗੈਰ ਸਿੱਖ ਕਦੇ ਵੀ ਕੰਮ ਨਹੀ ਕਰ ਸਕਦਾ ਨਾ ਹੀ ਸਿੱਖਾਂ ਦਾ ਭਲਾ ਕਰ ਸਕਦਾ ਹੈ ।
ਦੂਸਰਾ ਇਹ ਸੰਸਥਾ ਗੁਰੂ ਦੀ ਗੋਲਕ ਨਾਲ ਬਣੀ ਹੈ। ਉਨ੍ਹਾਂ ਬਾਦਲਾਂ ਨੂੰ ਸਵਾਲ ਕੀਤਾ ਕਿ ਕੀ ਕਦੇ ਡੀ ਏ ਵੀ ਕਾਲਜ ਜਾਂ ਉਨ੍ਹਾ ਦੀ ਯੂਨੀਵਰਸਿਟੀ ਦਾ ਕ੍ਰਮਵਾਰ ਪ੍ਰਿਸੀਪਲ ਜਾਂ ਵਾਇਸ ਚਾਂਸਲਰ ਕਿਸੇ ਸਿੱਖ ਨੂੰ ਲਾਇਆ ਗਿਆ ਹੈ ? ਜੇ ਲਾਇਆਂ ਗਿਆ ਹੈ ਤਾਂ ਸਪਸ਼ਟ ਕਰੋ ।
ਕੀ ਸਿੱਖਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਡਾਕਟਰ ਤੇ ਸਿੱਖ ਵਿਦਵਾਨ ਨਹੀਂ ਹੈ? ਜੋ ਵਰਨਣ ਅਸਾਮੀਆਂ ਚ ਕੰਮ ਕਰਨ ਦੇ ਸਮਰੱਥ ਹੋਵੇ ?
ਮਨਜੀਤ ਸਿੰਘ ਭੋਮਾ ਨੇ ਅਤੀਤ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਦੇ ਖੂਨ ਦੇ ਪਿਆਸੇ ਪੁਲਸ ਅਫਸਰ ਸੁਮੇਧ ਸਿੰਘ ਸੈਣੀ ਨੂੰ ਬਾਦਲਾਂ ਨੇ ਪੰਜਾਬ ਦਾ ਡੀਜੀਪੀ ਲਾਇਆ ਤੇ ਇਜ਼ਹਾਰ ਆਲਮ ਤੇ ਉਨ੍ਹਾ ਦੀ ਪਤਨੀ ਨੂੰ ਸਿੱਖਾਂ ਦੇ ਸਿਰਾਂ ਤੇ ਬੈਠਾਇਆ ।
ਉਨ੍ਹਾ ਦੀਆਂ ਯਾਰੀਆਂ ਸੌਦਾ ਸਾਧ ,ਆਸ਼ੂਤੋਸ਼ ਤੇ ਪੰਥ ਵਿਰੋਧੀ ਤਾਕਤਾਂ ਸ਼ਿਵ ਸੈਨਾ ਨਾਲ ਰਹੀਆਂ ਹਨ ਅਤੇ ਇਹੋ ਇਤਿਹਾਸ ਸ੍ਰੀ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਨਾਲ ਦੁਹਰਾਇਆ ਜਾ ਰਿਹਾ ਹੈ। ਉਹਨਾਂ ਇਸ ਕਾਲਜ ਤੇ ਹਸਪਤਾਲ ਅਤੇ ਇੱਕ ਹੰਕਾਰੀ ਤੇ ਹੈਂਕੜਬਾਜ਼ੀ ਵਾਲੇ ਕਮਾਊਂ ਪੁੱਤ ਡਾਕਟਰ ਦੇ ਚਰਚੇ ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਰਹਿੰਦੇ ਹਨ। ਇਸ ਹਸਪਤਾਲ , ਕਾਲਜ ਤੇ ਯੂਨੀਵਰਸਿਟੀ ਦਾ ਰੱਬ ਹੀ ਰਾਖਾ ਹੈ ।