ਬਠਿੰਡਾ ਸਿਵਲ ਹਸਪਤਾਲ ਵਿੱਚੋਂ ਚੋਰੀ ਕੀਤਾ ਬੱਚਾ ਬਠਿੰਡਾ ਪੁਲਿਸ ਨੇ 72 ਘੰਟੇ ਵਿੱਚ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੀਤਾ ਬਰਾਮਦ
- ਪੁਲਿਸ ਨੇ ਮਾਮਲੇ ਵਿੱਚ ਦੋ ਔਰਤ ਸਮੇਤ ਇਕ ਵਿਅਕਤੀ ਕੀਤਾ ਕਾਬੂ
- ਜ਼ਿਲ੍ਹਾ ਪੁਲੀਸ ਮੁਖੀ ਬਠਿੰਡਾ ਨੇ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਜਾਣਕਾਰੀ
ਬਠਿੰਡਾ, 7 ਦਸੰਬਰ 2022 - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿੱਚੋਂ 4 ਦਸੰਬਰ ਨੂੰ ਚਾਰ ਦਿਨ ਦਾ ਇਕ ਬੱਚਾ ਦੋ ਔਰਤਾਂ ਵੱਲੋਂ ਨਰਸ ਦੇ ਕੱਪੜੇ ਪਾ ਕੇ ਚੋਰੀ ਕਰ ਲਿਆ ਗਿਆ ਸੀ, ਜਿੱਥੇ ਪੁਲਿਸ ਨੇ ਕਾਰਵਾਈ ਕਰਦੇ ਹੋਏ 72 ਘੰਟੇ ਵਿਚ ਸਤਿਕਾਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਮਲੂਕਾ ਤੋਂ ਬਰਾਮਦ ਕਰ ਲਿਆ ਗਿਆ ਹੈ, ਪੁਲਿਸ ਨੇ ਮਾਮਲੇ ਵਿੱਚ ਦੋਵੇਂ ਔਰਤਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ,ਪੁਲਿਸ ਨੂੰ ਇਸ ਮਾਮਲੇ ਹੋਰ ਕਿਸ ਲੋਕਾਂ ਦੀ ਸਮੂਲੀਅਤ ਬਾਰੇ ਜਾਂਚ ਕਰ ਰਹੀ ਹੈ।
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਮਾਪਿਆਂ ਨੂੰ ਉਨ੍ਹਾਂ ਦਾ ਚੋਰੀ ਹੋਇਆ ਬੱਚਾ ਸੌਂਪਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਐਤਬਾਰ ਨੂੰ ਬੱਚਾ ਚੋਰੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਬੱਚਾ ਚੋਰੀ ਕਰਨ ਵਾਲੀਆਂ ਔਰਤਾਂ ਦੀਆਂ ਫੋਟਮਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਵੀ ਸਰਗਰਮ ਹੋ ਗਈਆਂ ਸਨ। ਪਿੰਡ ਮਲੂਕਾ ਦੀ ਸਤਿਕਾਰ ਕਮੇਟੀ ਦੇ ਸਹਿਯੋਗ ਨਾਲ ਪਿੰਡ ਮਲੂਕਾ ਵਿਖ਼ੇ ਦੋ ਔਰਤਾਂ ਨੂੰ ਕਾਬੂ ਕਰਕੇ ਬੱਚਾ ਬਰਾਮਦ ਕਰ ਲਿਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਬੱਚਾ ਚੋਰੀ ਕਰਨ ਵਾਲੀ ਲੜਕੀ ਦੇ ਬੱਚੇ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਬਾਰੇ ਉਸ ਨੇ ਆਪਣੇ ਸਹੁਰਾ ਪਰਿਵਾਰ ਨੂੰ ਨਹੀਂ ਦੱਸਿਆ ਸੀ,ਸਹੁਰਾ ਪਰਿਵਾਰ ਨੂੰ ਬੱਚਾ ਦਿਖਾਉਣ ਲਈ ਲੜਕੀ ਅਤੇ ਉਸ ਦੀ ਮਾਂ ਨੇ ਸਿਵਲ ਹਸਪਤਾਲ ਵਿਚੋਂ ਬੱਚਾ ਚੋਰੀ ਕਰ ਲਿਆ, ਜਿਸ ਤੋਂ ਬਾਅਦ ਇੱਕ ਰਾਤ ਕਥਿਤ ਆਰੋਪੀ ਬਠਿੰਡਾ ਰਹਿਣ ਤੋਂ ਬਾਅਦ ਬੱਚੇ ਨੂੰ ਲੈ ਕੇ ਮਲੂਕਾ ਚਲਾਈ ਗਈ, ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਕਿਸੇ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਬੱਚੇ ਦੀ ਭਾਲ ਕਰਨ ਵਿੱਚ ਸਹਿਯੋਗ ਕਰਨ ਵਾਲੀ ਸਤਿਕਾਰ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ।