ਇੱਕ ਲੱਖ ਮਹੀਨਾ ਦੀ ਨੌਕਰੀ ਛੱਡ ਕਿਸਾਨ ਦੇ ਪੁੱਤ ਨੇ ਕੀਤੀ ਡਰੈਗਨ ਫਰੂਟ ਦੀ ਖੇਤੀ ਸ਼ੁਰੂ
ਸੋਸ਼ਲ ਮੀਡੀਆ ਤੇ ਹਨ ਇਸਦੇ ਖੂਬ ਚਰਚੇ ਬਾਕੀ ਕਿਸਾਨਾਂ ਲਈ ਬਣਿਆ ਮਿਸਾਲ
ਰੋਹਿਤ ਗੁਪਤਾ
ਗੁਰਦਾਸਪੁਰ ,8 ਦਸੰਬਰ 2022 : ਜਿੱਥੇ ਇੱਕ ਪਾਸੇ ਕਿਸਾਨ ਆਪਣੀਆਂ ਜ਼ਮੀਨਾਂ ਵੇਚਕੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਓਥੇ ਹੀ ਗੁਰਦਾਸਪੁਰ ਦਾ ਰਹਿਣ ਵਾਲਾ ਕਿਸਾਨ ਦਾ ਪੁੱਤਰ ਰਮੇਸ਼ ਸਲਾਰੀਆ ਕਰੀਬ 15 ਸਾਲ ਨੌਕਰੀ ਕਰਨ ਤੋਂ ਬਾਦ 1 ਲੱਖ ਮਹੀਨਾ ਦੀ ਨੌਕਰੀ ਛੱਡਕੇ ਪੰਜਾਬ ਆਇਆ ਅਤੇ ਉਸਨੇ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਤੇ ਇਕ ਸਫ਼ਲ ਕਿਸਾਨ ਬਣਕੇ ਉੱਭਰਿਆ ਤੇ ਬਾਕੀ ਕਿਸਾਨਾਂ ਲਈ ਇਕ ਮਿਸਾਲ ਬਣਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਰਮੇਸ਼ ਸਲਾਰੀਆ (ਕਿਸਾਨ) ਨੇ ਦੱਸਿਆ ਕਿ ਸ਼ੁਰੂ ਵਿਚ ਜਦੋਂ ਉਸਨੇ ਰਵਾਇਤੀ ਖੇਤੀ ਨਾ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਲੋਕਾਂ ਵਲੋ ਉਸਦਾ ਮਜ਼ਾਕ ਬਣਾਇਆ ਗਿਆ ਕਿ ਇਹ ਨੌਜਵਾਨ ਚੰਗੀ ਨੌਕਰੀ ਛੱਡ ਕੇ ਇਹ ਕੀ ਕਰ ਰਿਹਾ ਹੈ ਪਰ ਉਸ ਨੇ ਆਪਣੀ ਮਹਿਨਤ ਜਾਰੀ ਰੱਖੀ ਤੇ ਅੱਜ ਉਸਦਾ ਕੰਮ ਨੌਕਰੀ ਨਾਲੋ ਕਈ ਹਿੱਸੇ ਚੰਗਾ ਹੈ। ਰਮੇਸ਼ ਡਰੈਗਨ ਫਰੂਟ ਸਿੱਧਾ ਹੀ ਗ੍ਰਾਹਕਾਂ ਤੱਕ ਪਹੁੰਚਾਉਦਾ ਹੈ ਜਿਸ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਉਸ ਨੇ ਬਾਕੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਵਾਇਤੀ ਫ਼ਸਲਾਂ ਛੱਡ ਕੁਝ ਨਵਾ ਕਰਨ ਦੀ ਕੋਸ਼ਿਸ਼ ਕਰਨ ਤੇ ਚੰਗੀ ਕਮਾਈ ਕਰ ਸਕਦੇ ਹਨ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਰਮੇਸ਼ ਸਲਾਰੀਆ ਨੇ ਦੱਸਿਆ ਕਿ ਉਸਨੇ ਬੀ ਟੇਕ ਕੀਤੀ ਹੋਈ ਹੈ ਤੇ ਉਹ ਦਿੱਲੀ ਵਿਖੇ ਕਰੀਬ 15 ਸਾਲ ਨੌਕਰੀ ਕਰ ਚੁੱਕਾ ਹੈ ਜਿਸ ਦੌਰਾਨ ਉਸਦੀ ਤਨਖਾਹ ਕਰੀਬ 1 ਲੱਖ ਰੁਪਏ ਸੀ ਪਰ ਉਹ ਆਪਣੇ ਘਰ ਪਰਿਵਾਰ ਵਿੱਚ ਰਹਿਕੇ ਕੁਝ ਕੰਮ ਕਰਨਾ ਚਾਹੁੰਦਾ ਸੀ ਜਿਸ ਕਰਕੇ ਡਰੈਗਨ ਫਰੂਟ ਦੀ ਖੇਤੀ ਕਰਨ ਦਾ ਸੋਚਿਆ ਅਤੇ ਇਸ ਬਾਰੇ ਰਿਸਰਚ ਸ਼ੁਰੂ ਕੀਤੀ ਕਿ ਇਹ ਕਿਵੇਂ ਹੋ ਸਕਦਾ ਹੈ? ਇਸਦਾ ਬੀਜ਼ ਕਿੱਥੋਂ ਮਿਲਦਾ ਹੈ ਇਸਦੇ ਕੀ ਫਾਇਦੇ ਹਨ ਮਾਰਕੀਟ ਵਿੱਚ ਇਸਦੀ ਕੀ ਕੀਮਤ ਹੈ? ਸੱਭ ਰਿਸਰਚ ਕਰਨ ਤੋਂ ਬਾਦ ਇਸਦੀ ਖੇਤੀ ਸ਼ੁਰੂ ਕੀਤੀ ਜਿਸ ਦੌਰਾਨ ਲੋਕਾਂ ਨੇ ਬਹੁਤ ਮਜਾਕ ਬਣਾਇਆ ਅਤੇ ਕਿਹਾ ਕਿ ਇਸਦਾ ਕੁਝ ਨਹੀਂ ਬਣਨਾ ।ਪਰ ਉਸਨੇ ਮਿਹਨਤ ਜਾਰੀ ਰੱਖੀ ਅਤੇ ਸੋਸ਼ਲ ਮੀਡੀਆ ਦੇ ਜ਼ਰਿਏ ਆਪਣੇ ਕੰਮ ਦਾ ਪਰਚਾਰ ਕਰਨਾ ਸ਼ੁਰੂ ਕੀਤਾ। ਉਸ ਨੇ ਕਿਹਾ ਕਿ ਇਸ ਸਮੇਂ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਤੇ ਪੂਰੇ ਹੀ ਪੰਜਾਬ ਵਿੱਚ ਉਸਦੇ ਡਰੈਗਨ ਫਰੂਟ ਦੀ ਸਪਲਾਈ ਹੋ ਰਹੀ ਹੈ। ਉਸਨੇ ਦੱਸਿਆ ਕਿ ਇਸਦੇ ਕਈ ਫਾਇਦੇ ਹਨ ਇਹ ਫਰੂਟ ਸਾਡੀ ਸਿਹਤ ਲਈ ਵੀ ਕਾਫ਼ੀ ਫਾਇਦੇਮੰਦ ਹੈ। ਰਮੇਸ਼ ਸਲਾਰੀਆ ਨੇ ਦੱਸਿਆ ਕਿ ਇਸਤੋਂ ਇਲਾਵਾ ਵੀ ਉਹ ਸਟਰਾਬੇਰੀ ਦੀ ਖੇਤੀ ਕਰਦਾ ਹੈ ਅਤੇ ਹਦਵਾਣਾ,ਪਪੀਤਾ,ਖਰਬੂਜਾ ਆਦਿ ਦੀਆਂ ਫਸਲਾਂ ਦੀ ਖੇਤੀ ਵੀ।
ਉਸ ਨੇ ਕਿਹਾ ਕਿ ਬਾਕੀ ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਛੱਡਕੇ ਇਸ ਤਰਾ ਦੇ ਸਹਾਇਕ ਧੰਦੇ ਅਪਨਾਨੇ ਚਾਹੀਦੇ ਹਨ।ਕਿਸਾਨ ਵੀਰਾ ਨੂੰ ਸੋਸ਼ਲ ਮੀਡੀਆ ਨਾਲ ਜੁੜਨ ਦੀ ਲੋੜ ਹੈ ਇਸਤੋਂ ਕਈ ਤਰ੍ਹਾਂ ਦੇ ਫਾਇਦੇ ਲੈ ਸਕਦੇ ਹਨ ਤੇ ਆਪਣਾ ਸਮਾਨ ਵੇਚ ਸਕਦੇ ਹਨ।