ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੋਮਣੀ ਕਮੇਟੀ ਦੀ ਦਸਤਖਤੀ ਮੁਹਿੰਮ ਜਾਰੀ
- ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਕੀਤੇ ਹਸਤਾਖਰ
ਬਠਿੰਡਾ, 8 ਦਸੰਬਰ 2022 - ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਆਰੰਭ ਕੀਤੀ ਹੋਈ ਹੈ। ਗੁਰਦੁਆਰਾ ਕਿਲਾ ਮੁਬਾਰਕ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਦਸਤਖਤੀ ਮੁਹਿੰਮ ਲਈ ਇਕ ਵਿਸ਼ੇਸ਼ ਤੌਰ ਤੇ ਕਾਊਂਟਰ ਲਗਾਇਆ ਗਿਆ ਅਤੇ ਇਸ ਮੌਕੇ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿਚ ਇਹ ਹਸਤਾਖ਼ਰ ਮੁਹਿੰਮ ਵਿਚ ਭਾਗ ਲਿਆ।
ਗੁਰਦੁਆਰਾ ਸਾਹਿਬ ਹਾਜੀ ਰਤਨ ਸਾਹਿਬ ਦੇ ਮੈਨੇਜਰ ਸੁਮੇਰ ਸਿੰਘ ਕਿਹਾ ਕਿ ਪਿਛਲੇ ਸਮੇਂ ਵਿੱਚ ਸਰਕਾਰ ਨੇ ਸਿੱਖਾਂ ਦੇ ਸਿਰ ਇੱਕ ਲੜਾਈ ਮੜੀ ਅਤੇ ਖਾਲਸਾ ਪੰਥ ਨੇ ਕੇਂਦਰ ਸਰਕਾਰ ਵੱਲੋਂ ਥੋਪੀ ਲੜਾਈ ਦਾ ਜਵਾਬ ਦਿੰਦਿਆਂ ਸੰਘਰਸ਼ ਕੀਤਾ। ਉਨਾਂ ਕਿਹਾ ਕਿ ਉਸ ਰਾਜਨੀਤਿਕ ਸੰਘਰਸ਼ ਦੌਰਾਨ ਬਹੁਤ ਸਾਰੇ ਸਿੱਖ ਨੌਜਵਾਨ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਜਿਨ੍ਹਾਂ ਨੂੰ ਹੁਣ 30-35 ਸਾਲ੍ਹ ਬੀਤ ਜਾਣ ਦੇ ਬਾਵਜ਼ੂਦ ਰਿਹਾਅ ਨਹੀ ਕੀਤਾ ਗਿਆ।
ਬਹੁਤ ਵਾਰ ਕੇਂਦਰ ਸਰਕਾਰ ਕੋਲ ਅਪੀਲ ਕਰ ਚੁੱਕੇ ਹਾਂ ਕਿ ਜੇਕਰ ਰਾਜੀਵ ਗਾਂਧੀ ਦੇ ਕਾਤਲ ਜਾਂ ਹੋਰਨਾਂ ਅਹਿਮ ਕੇਸਾਂ ਤਹਿਤ ਜੇਲ੍ਹਾਂ ਚ ਬੰਦ ਕੈਦੀ ਰਿਹਾਅ ਕੀਤੇ ਜਾ ਸਕਦੇ ਹਨ ਤਾਂ ਫਿਰ ਰਾਜਨੀਤਿਕ ਸੰਘਰਸ਼ ਲੜਦਿਆਂ ਜੇਲ੍ਹਾਂ ਚ ਪੁੱਜੇ ਸਿੱਖਾਂ ਨੂੰ ਰਿਹਾਅ ਕਰਨ ਤੋਂ ਆਨਾਕਾਨੀ ਕਿਉਂ।ਇਹ ਵੱਡਾ ਸਵਾਲ ਹੈ ਜੋ ਸਾਨੂੰ ਇਸ ਮੁਲਕ ਚ ਪ੍ਰੇਸ਼ਾਨ ਕਰਦੈ ਪਰ ਕੇਂਦਰ ਦੇ ਕੰਨਾਂ ਤੇ ਜੂੰ ਨਹੀ ਸਰਕ ਰਹੀ।ਉਨ੍ਹਾਂ ਨੇ ਕਿਹਾ ਕਿ ਕੇਂਦਰ ਨੂੰ ਜਗਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਕਤ ਦਸਤਖਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ।