ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਕੀਤੀ ਮੁਆਫ, ਪੜ੍ਹੋ ਵੇਰਵਾ
ਚੰਡੀਗੜ੍ਹ, 25 ਜਨਵਰੀ, 2023: ਹਰਿਆਣਾ ਸਰਕਾਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਜ਼ਾ ਮੁਆਫ ਕਰ ਦਿੱਤੀ ਹੈ। ਉਸਦੀ 90 ਦਿਨਾਂ ਦੀ ਸਜ਼ਾ ਮੁਆਫ ਕੀਤੀ ਗਈ ਹੈ।
ਅਸਲ ਵਿਚ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਹਨਾਂ ਨੂੰ 10 ਸਾਲ ਜਾਂ ਇਸ ਤੋਂ ਵੱਧ ਜਾਂ ਫਿਰ ਉਮਰ ਕੈਦ ਦੀ ਸਜ਼ਾ ਮਿਲੀਹੈ, ਉਹਨਾਂ ਦੀ 90 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਤੋਂ 10 ਸਾਲ ਦੀ ਕੈਦ ਦੀ ਸਜ਼ਾ ਮਿਲੀ ਹੈ, ਉਹਨਾਂ ਦੀ 60 ਦਿਨ ਦੀ ਸਜ਼ਾ, ਜਿਹਨਾਂ ਨੂੰ 5 ਸਾਲ ਤੋਂ ਘੱਟ ਕੈਦ ਹੋਈਹੈ, ਉਹਨਾਂ ਦੀ 30 ਦਿਨ ਦੀ ਸਜ਼ਾ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਹੈ।
ਡੇਰਾ ਸਿਰਸਾ ਮੁਖੀ ਇਸ ਵੇਲੇ ਆਪਣੀਆਂ ਦੋ ਸ਼ਰਧਾਲੂਆਂ ਨਾਲ ਜ਼ਬਰ ਜਨਾਹ ਕਰਨ, ਪੱਤਰਕਾਰ ਰਾਮ ਚੰਦਰ ਛਤਰਪਤੀ ਦਾ ਕਤਲ ਕਰਨ ਅਤੇ ਸਾਬਕਾ ਡੇਰਾ ਮੈਨੇਜਰ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ 20 ਸਾਲ ਦੀ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਹਰਿਆਣਾ ਸਰਕਾਰ ਦੀ ਨੀਤੀ ਮੁਤਾਬਕ ਉਸਦੀ 90 ਦਿਨ ਦੀ ਸਜ਼ਾ ਮੁਆਫ ਹੋ ਗਈ ਹੈ।
ਯਾਦ ਰਹੇ ਕਿ ਉਸਦੀ ਪੈਰੋਲ ਪਹਿਲਾਂ ਹੀ ਵਿਵਾਦਾਂ ਵਿਚ ਹੈ ਤੇ ਉਹ ਅੱਜ ਕੱਲ੍ਹ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਹੈ ਤੇ ਆਪਣੇ ਯੂ ਪੀ ਵਿਚਲੇ ਆਸ਼ਰਮ ਵਿਚ ਹੈ ਜਿਥੇ ਉਸਨੇ ਬੀਤੇ ਦਿਨ ਤਲਵਾਰ ਨਾਲ ਕੇਕ ਵੀ ਕੱਟਿਆ ਹੈ।