ਸਰਕਾਰੀ ਸਮਾਗਮਾਂ ਦੌਰਾਨ MLA ਦੇ ਕਿਹੜੇ ਪਾਸੇ ਬੈਠਣ DC/SSP?, ਜਾਰੀ ਹੋਈਆਂ ਹਦਾਇਤਾਂ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 25 ਜਨਵਰੀ 2023- ਪੰਜਾਬ ਦੇ ਅੰਦਰ ਹੋਣ ਵਾਲੇ ਸਰਕਾਰੀ ਸਮਾਗਮਾਂ ਦੌਰਾਨ ਵਿਧਾਇਕਾਂ ਦੇ ਨਾਲ ਡਿਪਟੀ ਕਮਿਸ਼ਨਰ ਅਤੇ ਐਸ ਐਸ ਪੀ ਕਿਹੜੇ ਪਾਸੇ ਬੈਠਣੇ ਚਾਹੀਦੇ ਹਨ, ਦੇ ਬਾਰੇ ਵਿਚ ਸਰਕਾਰ ਦੇ ਵਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।
ਆਮ ਰਾਜ ਪ੍ਰਬੰਧ ਵਿਭਾਗ ਦੇ ਸਕੱਤਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਿਕ, ਡੀਸੀਜ਼ ਨੂੰ ਹਦਾਇਤ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਵੱਲੋਂ ਵਿਸ਼ੇ ਅਧੀਨ ਮਾਮਲਾ ਵਿਚਾਰਨ ਉਪਰੰਤ ਸਿਫਾਰਸ਼ ਕੀਤੀ ਗਈ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਉਸ ਅਨੁਸਾਰ ਵਿਧਾਇਕਾਂ ਦਾ ਮਾਣ ਸਤਿਕਾਰ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰਾਂ ਸਬੰਧੀ ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਹੈ ਕਿ ਜੇਕਰ ਸਰਕਾਰੀ ਸਮਾਗਮਾਂ ਵਿੱਚ D.C/S.S.P ਨੇ ਮੁੱਖ ਮਹਿਮਾਨ ਨੂੰ ਸਹਾਇਤਾ ਪ੍ਰਦਾਨ ਕਰਨੀ ਹੈ ਤਾਂ ਇਹ ਦੋਵੇਂ ਅਧਿਕਾਰੀ ਮੁੱਖ ਮਹਿਮਾਨ ਦੇ ਇੱਕ ਪਾਸੇ ਬਿਠਾਏ ਜਾਣ ਨਾ ਕਿ ਦੋਵੇਂ ਪਾਸੇ।
ਸਕੱਤਰ ਵਲੋਂ ਡੀਸੀਜ਼ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਸਰਕਾਰੀ ਸਮਾਰੋਹਾਂ/ਮੀਟਿੰਗਾਂ ਦੌਰਾਨ ਸਟੇਟ ਆਰਡਰ ਆਫ ਪ੍ਰੈਸੀਡੈਂਸ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਵਿਧਾਇਕਾਂ ਦਾ ਮਾਣ ਸਤਿਕਾਰ ਕਰਨਾ ਯਕੀਨੀ ਬਣਾਇਆ ਜਾਵੇ।