ਸਕਰੋਪਿਓ ਅਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਦਰਦਨਾਕ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ, 20 ਮਾਰਚ 2023 : ਤੇਜ਼ ਰਫਤਾਰ ਕਾਰਨ ਇਕ ਹੋਰ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ।ਬਟਾਲਾ - ਕਾਦੀਆਂ ਮੁਖ ਮਾਰਗ ਤੇ ਪਿੰਡ ਵਡਾਲਾ ਗ੍ਰੰਥੀਆਂ ਨੇੜੇ ਅੱਜ ਸ਼ਾਮ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਬਟਾਲਾ ਵਲੋਂ ਆ ਰਹੀ ਸਕਰੋਪਿਓ ਅਤੇ ਤੇਜ਼ ਰਫਤਾਰ ਚ ਆ ਰਹੇ ਮੋਟਰਸਾਈਕਲ ਦੀ ਆਮਨੇ ਸਾਹਮਣੇ ਟੱਕਰ ਹੋਣ ਦੇ ਚਲਦੇ ਮੋਟਰਸਾਈਕਲ ਸਵਾਰ ਨੌਜਵਾਨ ਸਵਰਨ ਸਿੰਘ ਦੀ ਮੌਕੇ ਤੇ ਮੌਤ ਹੋ ਗਈ । ਮੋਟਰ ਸਾਈਕਲ ਅਤੇ ਸਕਾਰਪੀਓ ਦੀ ਹਾਲਤ ਦੇਖ ਕੇ ਹੀ ਪਤਾ ਲੱਗਦਾ ਹੈ ਕਿ ਹਾਦਸਾ ਕਿੰਨਾ ਜਬਰਦਸਤ ਹੋਵੇਗਾ।
ਉਥੇ ਹੀ ਪੁਲਿਸ ਵਲੋਂ ਮੌਕੇ ਤੇ ਪਹੁਚ ਮ੍ਰਿਤਕ ਦੀ ਪਹਿਚਾਣ ਕੀਤੀ। ਜੋਕਿ ਨੇੜਲੇ ਪਿੰਡ ਚਾਹਲ ਗਿਲ ਦਾ ਰਹਿਣ ਵਾਲਾ ਹੈ।
ਪੁਲਿਸ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਹਸਪਤਾਲ ਚ ਭੇਜਿਆ ਗਿਆ ਹੈ ਅਤੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਜਦਕਿ ਇਸ ਨੌਜਵਾਨ ਸਵਰਨ ਸਿੰਘ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਹੈ। ਉਸਦੇ ਵਾਰਿਸ ਨੂੰ ਸੂਚਨਾ ਦਿਤੀ ਗਈ ਹੈ ਅਤੇ ਉਹਨਾਂ ਵਲੋਂ ਗੱਡੀ ਨੂੰ ਕਬਜ਼ੇ ਚ ਲੈਕੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ |