ਆਪਣੀ ਨੌਕਰੀ ਆਪਣੀ ਪਤਨੀ ਨੂੰ ਦੇ ਕੇ ਨੌਜਵਾਨ ਨਿਕਲ ਗਿਆ ਲੋਕਾਂ ਨੂੰ ਜਾਗਰੂਕ ਕਰਨ ਕੰਨਿਆ ਕੁਮਾਰੀ ਤਕ ਦੀ ਸਾਈਕਲ ਯਾਤਰਾ 'ਤੇ
ਰੋਹਿਤ ਗੁਪਤਾ
ਗੁਰਦਾਸਪੁਰ, 20 ਮਾਰਚ 2023 : ਵਾਤਾਵਰਣ ਨੂੰ ਬਚਾਉਣ, ਆਰਗੇਨਿਕ ਅਪਨਾਉਣ ਅਤੇ ਪ੍ਰਦੂਸ਼ਣ ਰਹਿਤ ਜ਼ਿੰਦਗੀ ਜੀਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨੂੰ ਲੈ ਕੇ ਗੁਰਦਾਸਪੁਰ ਦਾ ਨੌਜਵਾਨ ਰਾਜੇਸ਼ ਕੁਮਾਰ ਨੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਸਾਈਕਲ ਯਾਤਰਾਂ ਸ਼ੁਰੂ ਕਰ ਦਿੱਤੀ ਹੈ। ਆਪਣੀ ਨੌਕਰੀ ਆਪਣੀ ਪਤਨੀ ਨੂੰ ਦੇਕੇ ਅਤੇ ਘਰ ਵਿੱਚ ਦੋ ਭੈਣਾਂ, ਬਜ਼ੁਰਗ ਦਾਦੀ ਅਤੇ ਮਾਂ ਬਾਪ ਨੂੰ ਛੱਡ ਕੇ ਇਹ ਨੌਜਵਾਨ ਸ੍ਰੀਨਗਰ ਦੇ ਲਾਲ ਚੌਂਕ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਪਿਆ ਹੈ ਅਤੇ ਰੋਜ਼ਾਨਾ ਲਗਭਗ ਦੋ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ। ਅੱਜ ਗੁਰਦਾਸਪੁਰ ਵਿੱਚ ਪਹੁੰਚ ਕੇ ਇਸ ਨੇ ਗੁਰਦਾਸਪੁਰ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬੀਮਾਰੀ ਤੋਂ ਲੋਕਾਂ ਨੂੰ ਸਿੱਖਣ ਦੀ ਲੋੜ ਹੈ।
ਜਾਣਕਾਰੀ ਦਿੰਦਿਆਂ ਨੌਜਵਾਨ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਵਾਤਾਵਰਨ ਨੂੰ ਬਚਾਉਨ ਅਤੇ ਆਰਗੇਨਿਕ ਖੇਤੀ ਅਪਣਾਉਣ ਦੇ ਨਾਲ ਨਾਲ ਪ੍ਰਦੂਸ਼ਣ ਰਹਿਤ ਜ਼ਿੰਦਗੀ ਜਿਊਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨੂੰ ਲੈ ਕੇ ਸਾਈਕਲ ਯਾਤਰਾ ਤੇ ਨਿਕਲਿਆ ਹੈ ਅਤੇ ਇਸ ਦੇ ਲਈ ਉਸ ਨੂੰ ਆਪਣੇ ਘਰ ਦਿਆਂ ਦਾ ਵੀ ਸਹਿਯੋਗ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਨੇ ਸ੍ਰੀਨਗਰ ਦੇ ਲਾਲ ਚੌਕ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਅਤੇ ਕੰਨਿਆਕੁਮਾਰੀ ਤੱਕ ਇਸ ਦਾ ਮੁਕਾਮ ਹੋਵੇਗਾ। ਕੁੱਲ ਸਫਰ ਲਗਪਗ ਪੰਤਾਲੀ ਸੌ ਕਿਲੋਮੀਟਰ ਤੱਕ ਦਾ ਹੈ। ਉਹ ਰੋਜ਼ਾਨਾ ਲਗਪਗ ਅੱਠ ਨੌਂ ਘੰਟੇ ਸਾਈਕਲ ਚਲਾ ਕੇ 80 ਤੋਂ 100 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਰਿਹਾ ਹੈ ਅਤੇ ਜਿਹੜੇ ਸ਼ਹਿਰ ਵਿੱਚੋਂ ਵੀ ਗੁਜ਼ਰਦਾ ਹੈ ਉਥੋਂ ਦੇ ਲੋਕਾਂ ਨੂੰ ਸਿਹਤਮੰਦ ਰਹਿਣ, ਵਾਤਾਵਰਣ ਬਚਾਉਣ ਅਤੇ ਕੁਦਰਤ ਨੂੰ ਹੱਥ ਵਿਚ ਨਾ ਲੈ ਲੈਣ ਲਈ ਜਾਗਰੂਕ ਕਰਦਾ ਹੈ। ਉਸ ਨੇ ਲੋਕਾਂ ਖਾਸਕਰ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਿਹਤਮੰਦ ਰਹਿਣ ਲਈ ਸਾਈਕਲ ਦੀ ਵਰਤੋਂ ਕਰਣ ਅਤੇ ਆਪਣੀ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ।