ਡੀ ਜੀ ਪੀ ਤੇ ਦੋ ਹੋਰ ਪੁਲਿਸ ਅਫਸਰਾਂ ਖਿਲਾਫ ਕਾਰਵਾਈ ਲਈ ਦਿੱਤੀ ਹਰੀ ਝੰਡੀ, ਮੋਦੀ ਸਕਿਓਰਿਟੀ ਮਾਮਲੇ ’ਚ
ਚੰਡੀਗੜ੍ਹ, 21 ਮਾਰਚ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਸਾਲ ਪੰਜਾਬ ਫੇਰੀ ਮੌਕੇ ਉਹਨਾਂ ਦੀ ਸੁਰੱਖਿਆ ਵਿਚ ਹੋਈ ਕੁਤਾਹੀ ਦੇ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ, ਆਈ ਜੀ ਇੰਦਰਬੀਰ ਸਿੰਘ ਤੇ ਐਸ ਐਸ ਪੀ ਹਰਮਨਦੀਪ ਸਿੰਘ ਹੰਸ ਦੇ ਖਿਲਾਫ ਕਾਰਵਾਈ ਲਈ ਹਰੀ ਝੰਡੀ ਦੇ ਦਿੱਤੀ ਹੈ।
ਸੂਬੇ ਦਾ ਗ੍ਰਹਿ ਵਿਭਾਗ ਹੁਣ ਇਹਨਾਂ ਨੂੰ ਚਾਰਜਸ਼ੀਟ ਜਾਰੀ ਕਰੇਗਾ ਤੇ ਇਹਨਾਂ ਤੋਂ ਜਵਾਬਤਲਬੀ ਕੀਤੀ ਜਾਵੇਗੀ। ਇਹਨਾਂ ਦੇ ਜਵਾਬ ਦੇਣ ਮਗਰੋਂ ਇਕ ਜਾਂਚ ਅਫਸਰ ਨਿਯੁਕਤ ਕੀਤਾ ਜਾਵੇਗਾ ਜੋ ਇਹਨਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਅੰਤਿਮ ਫੈਸਲਾ ਲਵੇਗਾ।
ਪੰਜਾਬ ਦੇ ਮੁੱਖ ਸਕੱਤਰ ਵੀ ਕੇ ਜੰਜੁਆ ਨੇ ਗ੍ਰਹਿ ਮੰਤਰਾਲੇ ਨੂੰ ਭੇਜੇ ਜਵਾਬ ਵਿਚ ਇਹ ਜਾਣਕਾਰੀ ਦਿੱਤੀ ਹੈ। ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਸੁਪਰੀਮ ਦੇ ਸੇਵਾ ਮੁਕਤ ਜੱਜ ਜਸਟਿਸ ਇੰਦੂ ਮਲਹੋਤਰਾ ਦੀ ਜਾਂਚ ਰਿਪੋਰਟ ’ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਤਲਬ ਕੀਤੀ ਸੀ।
ਮੁੱਖ ਸਕੱਤਰ ਨੇ ਜਸਟਿਸ ਇੰਦੂ ਮਲਹੋਤਰਾ ਦੀ ਰਿਪੋਰਟ ਦੇ ਆਧਾਰ ’ਤੇ ਹਰ ਅਫਸਰ ਦੀ ਭੂਮਿਕਾ ਬਾਰੇ ਵੱਖੋ-ਵੱਖ ਨੋਟ ਬਣਾ ਕੇ ਤਿੰਨ ਅਫਸਰਾਂ ਨੂੰ ਚਾਰਜਸ਼ੀਟ ਕਰਨ ਦੀ ਸਿਫਾਰਸ਼ ਕੀਤੀ ਸੀ। ਮੁੱਖ ਮੰਤਰੀ ਨੇ ਹੁਣ ਆਪਣੇ ਦਫਤਰ ਦੀ ਸਲਾਹ ਅਨੁਸਾਰ ਫੈਸਲਾ ਲਿਆ ਹੈ।
ਇਹਨਾਂ ਤਿੰਨ ਅਫਸਰਾਂ ਤੋਂ ਇਲਾਵਾ ਏ ਡੀ ਜੀ ਪੀ ਨਰੇਸ਼ ਅਰੋੜਾ ਤੇ ਜੀ ਨਾਗੇਸ਼ਵਰ ਰਾਓ, ਆਈ ਜੀ ਐਮ ਐਸ ਛੀਨਾ ਤੇ ਰਾਕੇਸ਼ ਅਗਰਵਾਲ, ਤਤਕਾਲੀ ਡੀ ਆਈ ਜੀ ਸੁਰਜੀਤ ਸਿੰਘ ਤੇ ਐਸ ਐਸ ਪੀ ਚਰਨਜੀਤ ਸਿੰਘ ਤੋਂ ਵੀ ਜਵਾਬ ਤਲਬੀ ਕੀਤੀ ਜਾਵੇਗੀ ਕਿ ਉਹਨਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਕੀਤੀ ਜਾਵੇ ?