ਬਰਨਾਲਾ ਜ਼ਿਲ੍ਹੇ ਦੇ ਇਸ ਪਿੰਡ ਬਣਾਈ ਗਈ ਇੱਕ ਓਪਨ ਆਰਟ ਗੈਲਰੀ
ਬਰਨਾਲਾ, 21 ਮਾਰਚ 2023 - ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਮਗੜ ਵਿੱਚ ਵਿਸ਼ੇਸ਼ ਉਪਰਾਲੇ ਨਾਲ ਇੱਕ ਓਪਨ ਆਰਟ ਗੈਲਰੀ ਬਣਾਈ ਗਈ ਹੈ। ਇਸ ਗੈਲਰੀ ਵਿੱਚ ਸ਼ਹੀਦ ਭਗਤ ਸਿੰਘ, ਸੰਤ ਰਾਮ ਉਦਾਸੀ, ਬਾਬਾ ਬੁੱਲ੍ਹੇ ਸ਼ਾਹ, ਲਿਓ ਟਾਲਸਟਾਏ, ਗਦਰੀ ਗੁਲਾਬ ਕੌਰ, ਨਾਟਕਕਾਰ ਗੁਰਸ਼ਰਨ ਸਿੰਘ, ਬਾਬਾ ਨਜਮੀ, ਸਾਵਿਤਰੀ ਬਾਈ ਫੂਲੇ ਅਤੇ ਲਾਲ ਸਿੰਘ ਦਿਲ ਦੇ ਬੁੱਤ ਸਥਾਪਿਤ ਕੀਤੇ ਗਏ ਹਨ।
ਇਸ ਗੈਲਰੀ ਦੇ ਉਦਘਾਟਨ ਮੌਕੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ, ਇਕਬਾਲ ਕੌਰ ਉਦਾਸੀ, ਬਲਦੇਵ ਸੜਕਨਾਮਾ, ਅਮੋਲਕ ਸਿੰਘ ਅਤੇ ਤਰਕਸ਼ੀਲ ਆਗੂ ਰਜਿੰਦਰ ਭਦੌੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਿਨ੍ਹਾਂ ਪਿੰਡ ਵਾਸੀਆਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ |
ਇਸ ਦੌਰਾਨ ਪਲੱਸ ਮੰਚ ਦੇ ਮੁਖੀ ਅਮੋਲਕ ਸਿੰਘ ਨੇ ਕਿਹਾ ਕਿ ਪਿੰਡ ਰਾਮਗੜ੍ਹ ਦੀ ਇਹ ਆਰਟ ਗੈਲਰੀ ਸਮੁੱਚੇ ਵਿਸ਼ਵ ਦੇ ਇਤਿਹਾਸ ਅਤੇ ਵਿਰਸੇ ਨੂੰ ਸ਼ਾਮਲ ਕਰਨ ਦਾ ਉਪਰਾਲਾ ਹੈ। ਪੰਜ ਦਰਿਆਵਾਂ ਦੀ ਧਰਤੀ ਨੂੰ ਇੱਕ ਥਾਂ ਮਿਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਛੋਟੇ ਜਿਹੇ ਪਿੰਡ ਨੇ ਉਹ ਕਰ ਦਿਖਾਇਆ ਹੈ ਜੋ ਸਾਡੀਆਂ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸੀ। ਅਜਿਹੀਆਂ ਵਿਰਾਸਤੀ ਗੈਲਰੀਆਂ ਬਣਾਉਣ ਦੀ ਮਹੱਤਤਾ ਅੱਜ ਹੀ ਨਹੀਂ, ਕੱਲ੍ਹ ਵੀ ਹੋਰ ਪ੍ਰਸੰਗਿਕ ਰਹੇਗੀ। ਇਹ ਇਤਿਹਾਸ, ਵਿਰਾਸਤ, ਕਲਾ ਅਤੇ ਸਾਹਿਤ ਦਾ ਸੰਗਮ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਦੇ ਲੋਕਾਂ ਨੂੰ ਧਰਮ ਅਤੇ ਜਾਤ ਦੇ ਨਾਂ 'ਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਰਾਮਗੜ੍ਹ ਦੇ ਲੋਕਾਂ ਵੱਲੋਂ ਆਰਟ ਗੈਲਰੀ ਰਾਹੀਂ ਦੋਵਾਂ ਪੰਜਾਬਾਂ ਦੀ ਇਕਮੁੱਠਤਾ ਨੂੰ ਦਰਸਾਉਣਾ ਚੰਗਾ ਕੰਮ ਹੈ।
ਗੈਲਰੀ ਵਿੱਚ ਬੁੱਤ ਬਣਾਉਣ ਵਾਲੇ ਕਲਾਕਾਰ ਜਨਕ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਦੇ ਹੀਰੋ ਗਾਇਕ ਅਤੇ ਫਿਲਮੀ ਕਲਾਕਾਰ ਬਣ ਰਹੇ ਹਨ। ਜਦੋਂ ਕਿ ਸਾਡੇ ਅਸਲੀ ਹੀਰੋ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਯੋਧੇ ਹਨ। ਉਸ ਨੇ ਦੱਸਿਆ ਕਿ ਉਹ ਕਾਲਜ ਦੇ ਦਿਨਾਂ ਤੋਂ ਹੀ ਮੂਰਤੀਆਂ ਬਣਾ ਰਿਹਾ ਹੈ। ਅੱਜ ਵੀ ਪਿੰਡ ਵਿੱਚ ਅਜਿਹੀਆਂ ਮੂਰਤੀਆਂ ਸਥਾਪਿਤ ਹਨ ਜਿਨ੍ਹਾਂ ਦਾ ਸਾਡੇ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ।
ਇਸੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਾਜਾ ਅਤੇ ਮੈਨੇਜਰ ਜੀਵਨ ਸ਼ਰਮਾ ਨੇ ਦੱਸਿਆ ਕਿ ਆਰਟ ਗੈਲਰੀ ਬਣਾਉਣ ਦਾ ਮਕਸਦ ਆਪਣੇ ਵਿਰਸੇ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ ਹੈ। ਅੱਜ ਦੀ ਨੌਜਵਾਨੀ ਕੁਰਾਹੇ ਪੈ ਰਹੀ ਹੈ, ਜਦੋਂ ਕਿ ਇਹ ਸਾਡੇ ਨੌਜਵਾਨਾਂ ਦੇ ਅਸਲੀ ਹੀਰੋ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਡਿਜੀਟਲ ਯੁੱਗ ਵਿੱਚ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ।