ਬਠਿੰਡਾ :ਖੇਤਰੀ ਖੋਜ ਕੇਂਦਰ ਵਿਖੇ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਮੇਲਾ ਲਾਇਆ
ਅਸ਼ੋਕ ਵਰਮਾ
ਬਠਿੰਡਾ, 21 ਮਾਰਚ 2023 : ਪੰਜਾਬ ਐਗਰੀਕਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ , ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ | ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ੍ਰੀਮਤੀ ਕਿਰਨਜੀਤ ਕੌਰ ਗਿੱਲ, ਮੈਂਬਰ, ਪ੍ਰਬੰਧਕੀ ਬੋਰਡ, ਪੀ.ਏ.ਯੂ. ਨੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ ਦੀ ਲੋੜ ਹੈ, ਜਿਸਦੇ ਤਹਿਤ ਸਾਨੂੰ ਦਾਲਾਂ, ਤੇਲਬੀਜ, ਕਮਾਦ, ਫਲ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਜ਼ੋਰ ਦੇਣਾ ਚਾਹੀਦਾ ਹੈ
ਨਰਮੇ ਉੱਤੇ ਪੀ.ਏ.ਯੂ. ਵਿਗਿਆਨੀਆਂ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਖੋਜ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰਮਾ ਪੱਟੀ ਬਠਿੰਡੇ ਦਾ ਇਹ ਖੇਤਰੀ ਖੋਜ ਕੇਂਦਰ ਨਰਮਾ ਖੋਜ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰ ਚੁੱਕਾ ਹੈ| ਨਰਮੇ ਹੇਠ ਰਕਬੇ ਨੂੰ ਹੋਰ ਵਧਾਉਣ ਦੇ ਨਾਲ-ਨਾਲ ਉਨਾਂ ਨੇ ਦੱਸਿਆ ਕਿ ਸਾਲ 2023 ਨੂੰ ਮੋਟੇ ਅਨਾਜਾਂ ਦਾ ਅੰਤਰ ਰਾਸ਼ਟਰੀ ਵਰ੍ਹਾ ਘੋਸ਼ਿਤ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਸਾਡੇ ਕਿਸਾਨਾਂ ਨੂੰ ਵੀ ਮੋਟੇ ਅਨਾਜਾਂ ਦੀ ਕਾਸ਼ਤ ਅਧੀਨ ਰਕਬਾ ਲਿਆਉਣਾ ਚਾਹੀਦਾ ਹੈ |
ਹਰੀ ਕ੍ਰਾਂਤੀ ਉਪਰੰਤ ਚਿੱਟੀ ਕ੍ਰਾਂਤੀ ਦੀ ਲੋੜ ਮਹਿਸੂਸ ਕਰਦਿਆਂ ਉਨਾਂ ਨਾਰੀ ਸ਼ਕਤੀਕਰਨ, ਖੇਤੀ ਮੰਡੀਕਰਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਅਤੇ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਵਿੱਚ ਡਿਪਲੋਮਾ ਕੋਰਸ ਬਠਿੰਡਾ ਵਿਖੇ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ |
ਇਸ ਮੌਕੇ ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਹੋ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਖੇਤੀ ਵਿਭਿੰਨਤਾ ਨੂੰ ਅਪਨਾਉਣ, ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕਰਨ, ਝੋਨੇ ਦੀ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਸਮੇਂ ਵਿੱਚ ਪੱਕਣ ਵਾਲੀ ਪੀ ਆਰ 126 ਕਿਸਮ ਦੀ ਕਾਸ਼ਤ ਕਰਨ ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 33 ਫੀਸਦੀ ਸਬਸਿਡੀ ਉਨ੍ਹਾਂ ਸਾਰੇ ਨਰਮਾ ਉਤਪਾਦਕਾਂ ਨੂੰ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਹਾਈਬ੍ਰਿਡ ਨਰਮੇ ਦੇ ਬੀਜ ਵਰਤਣਗੇ | ਉਨ੍ਹਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਨਰਮੇ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਛੱਡਣ ਦੀ ਸਰਕਾਰੀ ਯੋਜਨਾ ਦਾ ਭਰੋਸਾ ਦਿੱਤਾ |
ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਸੰਯੁਕਤ ਖੇਤੀ ਪ੍ਰਣਾਲੀ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੋਸੈਸਿੰਗ ਯੂਨਿਟ ਲਗਾਉਣ ਅਤੇ ਖੇਤੀ ਖਰਚਿਆਂ ਨੂੰ ਘਟਾਉਣ ਲਈ ਸਹਿਕਾਰੀ ਪੱਧਰ ਤੇ ਜਾਂ ਕਿਰਾਏ ਤੇ ਖੇਤੀ ਮਸ਼ੀਨਰੀ ਲੈਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆ ਹਨ | ਉਹਨਾਂ ਦੱਸਿਆ ਕਿ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨਾਂ ਨੂੰ ਮੌਸਮ ਸੰਬੰਧਿਤ ਅਗਾਊਂ ਸਿਫ਼ਾਰਸ਼ਾਂ ਜਾਰੀ ਕਰਨ ਲਈ ਮੌਸਮ ਅਧਾਰਿਤ ਕੇਂਦਰ ਸਥਾਪਿਤ ਕੀਤਾ ਗਿਆ ਹੈ |
ਉਹਨਾਂ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਆਲੂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102, ਮੱਕੀ ਦੀ ਪੀ ਐੱਮ ਐੱਚ-14, ਡਗੈਰਨ ਫਰੂਟ ਦੀ ਰੈੱਡ ਡਰੈਗਨ-1 ਅਤੇ ਵਾਈਟ ਡਰੈਗਨ-1, ਗਲਦਾਉਦੀ ਦੀ ਪੰਜਾਬ ਬਹਾਰ ਗੁਲਦਾਉਦੀ-1 ਅਤੇ ਪੰਜਾਬ ਬਹਾਰ ਗੁਲਦਾਉਦੀ-2, ਡੇਕ ਦੀ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਕਿਸਮ ਦੇ ਨਾਲ-ਨਾਲ ਖੀਰਾ, ਧਨੀਆ, ਭਿੰਡੀ, ਤਰਵੰਗਾ ਅਤੇ ਬੈਂਗਣ ਦੀਆਂ ਨਵੀਆਂ ਵਿਕਸਿਤ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਨ੍ਹਾਂ ਕਿਸਾਨ ਮੇਲਿਆਂ ਦਾ ਉਦੇਸ਼ ਖੇਤੀ ਲਾਗਤਾਂ ਨੂੰ ਘੱਟ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਤੋਂ ਵੱਧ ਲਾਹੇਵੰਦ ਧੰਦਾ ਬਣਾਇਆ ਜਾ ਸਕੇ | ਉਨ੍ਹਾਂ ਨੇ ਮਹੀਨਾਵਾਰ ਖੇਤੀ ਰਸਾਲੇ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਵੱਧ ਤੋਂ ਵੱਧ ਮੈਂਬਰ ਬਣਨ ਲਈ ਕਿਹਾ |
ਉਨ੍ਹਾਂ ਨੇ ਇਸ ਮੌਕੇ ਯੂਨੀਵਰਸਿਟੀ ਦੇ ਹਫ਼ਤਾਵਰ ਡਿਜ਼ੀਟਲ ਅਖਬਾਰ ‘ਖੇਤੀ ਸੰਦੇਸ਼’, ਪੀ.ਏ.ਯੂ. ਯੂਟਿਊਬ ਚੈਨਲ ਅਤੇ ਪੀ.ਏ.ਯੂ. ਫੇਸਬੁੱਕ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਵੀ ਕੀਤੀ | ਡਾ. ਜਗਦੀਸ਼ ਗਰੋਵਰ, ਨਿਰਦੇਸ਼ਕ ਖੇਤਰੀ ਖੋਜ ਸਟੇਸ਼ਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਖੇਤੀ ਵਿਗਿਆਨੀਆਂ ਦੀ ਟੀਮ ਫਸਲ ਸੁਧਾਰ, ਪਾਣੀ ਪ੍ਰਬੰਧਣ, ਖੇਤ ਫ਼ਸਲਾਂ ਦੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਵਿਕਸਿਤ ਕਰਨ ਦੇ ਨਾਲ-ਨਾਲ ਸਬਜ਼ੀਆਂ, ਫ਼ਲਾਂ ਅਤੇ ਵਣ-ਖੇਤੀ ਉੱਪਰ ਵੀ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ
ਮੰਚ ਦਾ ਸੰਚਾਲਨ ਡਾ. ਗੁਰਜਿੰਦਰ ਸਿੰਘ ਰੋਮਾਣਾ, ਪ੍ਰਮੁੱਖ ਵਿਗਿਆਨੀ ਨੇ ਕੀਤਾ | ਇਸ ਮੌਕੇ ਖੇਤੀ ਕਾਰਜਾਂ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸ੍ਰੀ ਰਮਨ ਸਲਾਰੀਆ ਪਿੰਡ ਜੁੰਗਲ, ਜ਼ਿਲ੍ਹਾ ਪਠਾਨਕੋਟ ਅਤੇ ਸ. ਜਰਮਨਜੀਤ ਸਿੰਘ ਪਿੰਡ ਨੂਰਪੁਰ, ਜ਼ਿਲ੍ਹਾ ਤਰਨਤਾਰਨ ਨੂੰ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ "ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ" ਪ੍ਰਦਾਨ ਕੀਤਾ ਗਿਆ। |
ਇਸ ਮੌਕੇ ਬੀਜਾਂ, ਪੌਦਿਆਂ, ਖੇਤੀ ਸਾਹਿਤ ਅਤੇ ਸੈੱਲਫ ਹੈਲਪ ਗਰੁੱਪਾਂ ਦੇ ਸਟਾਲਾਂ, ਖੇਤ ਮਸ਼ੀਨਰੀ ਦੀਆਂ ਨੁਮਾਇਸ਼ਾਂ ਅਤੇ ਖੇਤ ਪ੍ਰਦਰਸ਼ਨੀਆਂ ਤੇ ਵੱਡੀ ਗਿਣਤੀ ਕਿਸਾਨਾਂ ਦਾ ਇਕੱਠ ਵੇਖਣ ਨੂੰ ਮਿਲਿਆ | ਇਸ ਮੇਲੇ ਵਿੱਚ ਤਕਰੀਬਨ 17.75 ਲੱਖ ਦੇ ਬੀਜ ਜਿਵੇ ਝੋਨਾ, ਬਾਜਰਾ, ਹਰਹਰ, ਮਾਂਹ, ਹਲਦੀ, ਚਾਰੇ ਦੀਆ ਕਿੱਟਾ,ਫਲਾਂ ਅਤੇ ਸਬਜੀਆਂ ਦੀ ਪੌਦ ਦੀ ਖਰੀਦ ਕੀਤੀ ਗਈ। ਖ਼ਾਸ ਗੱਲ ਇਹ ਕਿ ਝੋਨੇ ਦੀ ਕਿਸਮ ਪੀ ਆਰ 126 ਜੋ ਕਿ ਘੱਟ ਸਮੇਂ ਵਿੱਚ ਪੱਕਦੀ ਹੈ ਕਿਸਾਨਾ ਦੀ ਪਹਿਲੀ ਪਸੰਦ ਰਹੀ।