ਹਰਜੋਤ ਬੈਂਸ ਨੇ ਦਫ਼ਤਰਾਂ 'ਚ ਤਾਇਨਾਤ ਸਾਇੰਸ ਅਤੇ ਗਣਿਤ ਦੇ ਲੈਕਚਰਾਰਾਂ ਨੂੰ ਤੁਰੰਤ ਸਕੂਲਾਂ 'ਚ ਭੇਜਣ ਦੇ ਹੁਕਮ ਦਿੱਤੇ
- ਸਾਇੰਸ ਵਿਸ਼ੇ ਦੀ ਪੜ੍ਹਾਈ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਹਿੱਤ ਵਿੱਚ ਲਿਆ ਗਿਆ ਫੈਸਲਾ
- ਦਫ਼ਤਰਾਂ ਵਿੱਚ ਡਿਊਟੀ ’ਤੇ ਨਾ ਆਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ: ਸਿੱਖਿਆ ਮੰਤਰੀ
ਚੰਡੀਗੜ੍ਹ, 21 ਮਾਰਚ 2023 - ਪੰਜਾਬ ਦੇ ਸਿੱਖਿਆ ਮੰਤਰੀ ਨੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਸਕੂਲਾਂ ਵਿੱਚ ਸਾਇੰਸ ਵਿਸ਼ੇ ਪੜ੍ਹਾਉਣ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਦਫ਼ਤਰ, ਜ਼ਿਲ੍ਹਾ, ਬਲਾਕ ਜਾਂ ਹੋਰ ਦਫ਼ਤਰਾਂ ਵਿੱਚ ਕੰਮ ਕਰਦੇ ਸਾਇੰਸ ਅਤੇ ਗਣਿਤ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਤੁਰੰਤ ਸਕੂਲਾਂ ਵਿੱਚ ਵਾਪਸ ਭੇਜਣ ਦੇ ਹੁਕਮ ਦਿੱਤੇ ਹਨ। ਬੈਂਸ ਨੇ ਇਹ ਵੀ ਕਿਹਾ ਕਿ ਭਵਿੱਖ ਵਿੱਚ ਇਨ੍ਹਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਦਫ਼ਤਰੀ ਕੰਮ ਲਈ ਆਨ-ਡਿਊਟੀ ਨਾ ਬੁਲਾਇਆ ਜਾਵੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿੱਖਿਆ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਹੁਣ ਇਹ ਲੈਕਚਰਾਰ ਸਿਰਫ਼ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਕਰਨਗੇ। ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਹੜੇ ਅਧਿਕਾਰੀ ਇਨ੍ਹਾਂ ਵਿਸ਼ਿਆਂ ਦੇ ਲੈਕਚਰਾਰਾਂ ਨੂੰ ਭਵਿੱਖ ਵਿੱਚ ਦਫ਼ਤਰੀ ਕੰਮਾਂ ਲਈ ਡਿਊਟੀ ’ਤੇ ਬੁਲਾਉਂਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।