ਅਮ੍ਰਿਤਪਾਲ ਮੁੱਦੇ ਤੇ ਜਥੇਦਾਰ ਅਕਾਲ ਤਖ਼ਤ ਦਾ ਅਲਟੀਮੇਟਮ: 24 ਘੰਟੇ ਅੰਦਰ ਫੜੇ ਸਾਰੇ ਸਿੱਖ ਨੌਜਵਾਨ ਰਿਹਾ ਕਰੋ, NSA ਹਟਾਓ ਨਹੀਂ ਤਾਂ ਚੱਲੇਗੀ ਖਾਲਸਾ ਵਹੀਰ..
ਨਸ਼ਿਆਂ ਤੇ ਪਤਿਤਪੁਣੇ ਖਿਲਾਫ ਤੇ ਨੌਜਵਾਨਾਂ ਵਿਚ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰਨ ਲਈ ਅਕਾਲ ਤਖਤ ਦੀ ਅਗਵਾਈ ‘ਚ ਚੱਲੇਗੀ ਖਾਲਸਾ ਵਹੀਰ
ਸਿੱਖ ਨੌਜਵਾਨਾਂ ‘ਤੇ ਲਾਏ ਕੌਮੀ ਸੁਰੱਖਿਆ ਐਕਟ ਨੂੰ ਰੱਦ ਕਰੇ ਸਰਕਾਰ
ਅੰਮ੍ਰਿਤਸਰ, 27 ਮਾਰਚ 2023- ਅਮ੍ਰਿਤਪਾਲ ਮੁੱਦੇ 'ਤੇ ਹੋਇਆ ਗ੍ਰਿਫ਼ਤਾਰੀਆਂ ਬਾਰੇ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਲਟੀਮੇਟਮ ਦਿੱਤਾ ਹੈ ਕਿ 24 ਘੰਟੇ ਅੰਦਰ ਫੜੇ ਸਾਰੇ ਸਿੱਖ ਨੌਜਵਾਨ ਰਿਹਾ ਕੀਤੇ ਜਾਣ , NSA ਖਤਮ ਕੀਤਾ ਜਾਵੇ ਨਹੀਂ ਤਾਂ ਖਾਲਸਾ ਵਹੀਰ ਸ਼ੁਰੂ ਕੀਤੀ ਜਾਵੇਗਾ । ਇਹ ਐਲਾਨ ਅਕਾਲ ਤਖਤ ਸਹਿ ਤੇ ਬੁਲਾਏ ਗਏ ਪੰਥਕ ਇਕੱਠ ਤੋਂ ਬਾਅਦ ਕੀਤਾ ਗਿਆ ।
ਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਵਿਚ ਮੌਜੂਦਾ ਸਮੇਂ ਚੱਲ ਰਹੇ ਹਾਲਾਤ ਕਾਰਨ ਸਿੱਖਾਂ ਦੇ ਮਨਾਂ ਵਿਚ ਪਸਰੇ ਬੇਚੈਨੀ ਭਰੇ ਮਾਹੌਲ ਤੇ ਸਿੱਖ ਨੌਜਵਾਨਾਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ‘ਤੇ ਵਿਚਾਰ ਕਰਨ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਸੰਪਰਦਾਵਾਂ, ਜਥੇਬੰਦੀਆਂ, ਸਿੱਖ ਵਿਦਵਾਨਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਦੀ ਜ਼ਰੂਰੀ ਇਕੱਤਰਤਾ ਹੋਈ। ਬੈਠਕ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਸ਼ਿਆਂ ਅਤੇ ਪਤਿਤਪੁਣੇ ਦੇ ਖਿਲਾਫ ਅਤੇ ਸਿੱਖ ਨੌਜਵਾਨਾਂ ਨੂੰ ਅੰਮ੍ਰਿਤਧਾਰੀ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਨਾਮਵਰ ਸਿੱਖ ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਖਾਲਸਾ ਵਹੀਰ ਅਰੰਭ ਕਰਨ ਦਾ ਐਲਾਨ ਕਰਦਿਆਂ ਸਰਕਾਰ ਨੂੰ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ 24 ਘੰਟੇ ਅੰਦਰ ਰਿਹਾਅ ਕਰਨ ਦਾ ਅਲਟੀਮੇਟਮ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨਾਂ ਉਪਰ ਲਾਏ ਗਏ ਕੌਮੀ ਸੁਰੱਖਿਆ ਐਕਟ ਨੂੰ ਤੁਰੰਤ ਹਟਾਇਆ ਜਾਵੇ, ਹਰੀਕੇ ਦੇ ਹੈੱਡਵਰਕਸ ‘ਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਜਬਤ ਕੀਤੇ ਵਾਹਨ ਤੁਰੰਤ ਛੱਡਿਆ ਜਾਵੇ ਤੇ ਬੰਦ ਕੀਤੇ ਗਏ ਵੈੱਬ ਚੈਨਲ ਅਤੇ ਸੋਸ਼ਲ ਮੀਡੀਆ ਖਾਤੇ ਤੁਰੰਤ ਚਾਲੂ ਕੀਤੇ ਜਾਣ।
ਇਸ ਦੌਰਾਨ ਪਿਛਲੇ ਦਿਨੀਂ ਪੰਜਾਬ ਪੁਲਿਸ ਵਲੋੰ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਤੇ ਸਿੱਖ ਰਿਆਸਤਾਂ ਦੇ ਝੰਡੇ ਅਤੇ ਚਿੰਨ੍ਹਾਂ ਨੂੰ ਖਾਲਿਸਤਾਨ ਦੇ ਝੰਡੇ ਵਜੋਂ ਗਲਤ ਪ੍ਰਚਾਰਿਆ ਗਿਆ, ਉਨ੍ਹਾਂ ਸਬੰਧਿਤ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਗਿਆ। ਉਨ੍ਹਾਂ ਇਹ ਵੀ ਸਿੱਖ ਵਿਰਾਸਤ ਨਾਲ ਸਬੰਧਿਤ ਝੰਡਿਆਂ ਤੇ ਨਿਸ਼ਾਨਾਂ ਖਿਲਾਫ ਕੀਤੇ ਗਏ ਸਰਕਾਰੀ ਕੂੜ-ਪ੍ਰਚਾਰ ਨੂੰ ਠੱਲ੍ਹਣ ਲਈ ਸਿੱਖ ਆਪਣੇ ਵਾਹਨਾਂ ਤੇ ਘਰਾਂ ਉੱਪਰ ਖਾਲਸਾ ਰਾਜ ਦੇ ਨਿਸ਼ਾਨ ਲਗਾਉਣ।
ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖਾਂ ਦੇ ਖਿਲਾਫ ਸਟੇਟ ਵਲੋਂ ਬੜੀ ਜ਼ਹੀਨ ਤੇ ਕੂਟਨੀਤਕ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਦਾ ਜਵਾਬ ਵੀ ਹਿੰਸਕ ਨਾ ਹੋ ਕੇ ਕੂਟਨੀਤਕ ਤੌਰ ‘ਤੇ ਦੇਣ ਲਈ ਸਿੱਖਾਂ ਅੰਦਰ ਸਮੂਹਿਕ ਸਮਰੱਥਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਸ ਜਮਹੂਰੀ ਤੇ ਫਿਰਕੂ ਵੰਨ-ਸੁਵੰਨਤਾ ਵਾਲੇ ਭਾਰਤ ਵਿਚ ਸ਼ਰ੍ਹੇਆਮ ਘੱਟ-ਗਿਣਤੀਆਂ ਦਾ ਦਮਨ ਕਰਕੇ ਹਿੰਦੂ ਰਾਸ਼ਟਰ ਬਣਾਉਣ ਦੇ ਐਲਾਨ ਕੀਤੇ ਜਾਂਦੇ ਹਨ ਪਰ ਅਜਿਹੇ ਭੜਕਾਹਟ ਭਰੇ ਬਿਆਨ ਦੇਣ ਵਾਲੇ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ, ਦੂਜੇ ਪਾਸੇ ਜਮਹੂਰੀਅਤ ਦੇ ਦਾਇਰੇ ਅੰਦਰ ਰਹਿ ਕੇ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਿੱਖਾਂ ‘ਤੇ ਸਰਕਾਰਾਂ ਕਾਲੇ ਕਾਨੂੰਨ ਲਾਉਣ ਲੱਗਿਆਂ ਦੇਰ ਨਹੀਂ ਲਾਉਂਦੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ 24 ਘੰਟਿਆਂ ਦੇ ਅੰਦਰ ਸਾਰੇ ਨੌਜਵਾਨਾਂ ਨੂੰ ਰਿਹਾਅ ਕਰਕੇ ਦਹਿਸ਼ਤ ਦੇ ਮਾਹੌਲ ਨੂੰ ਖਤਮ ਨਹੀਂ ਕਰਦੀ ਤਾਂ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਭਾਰਤੀ ਸਟੇਟ ਵਲੋਂ ਸਿਰਜੇ ਮਾਹੌਲ ਦੇ ਖਿਲਾਫ ਦੇਸ਼-ਵਿਦੇਸ਼ ਵਿਚ ਕੂਟਨੀਤਕ ਤੌਰ ‘ਤੇ ਪ੍ਰਚਾਰ ਦੀ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵਲੋਂ ਕੌਮੀ ਮੀਡੀਆ ਰਾਹੀੰ ਸਿੱਖਾਂ ਦੀ ਕੀਤੀ ਕਿਰਦਾਰਕੁਸ਼ੀ ਦੇ ਖਿਲਾਫ ਸਿੱਖ ਸੰਸਥਾਵਾਂ ਵਲੋਂ ਕਾਨੂੰਨੀ ਪੈਰਵਾਈ ਵੀ ਕੀਤੀ ਜਾਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ‘ਤੇ ਲੱਗੇ ਕੌਮੀ ਸੁਰੱਖਿਆ ਐਕਟ ਤੁੜਵਾਉਣ ਅਤੇ ਹੋਰ ਕਾਨੂੰਨੀ ਸਹਾਇਤਾ ਕਰਨ ਲਈ ਵਕੀਲਾਂ ਦੇ ਪੈਨਲ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਗ੍ਰਿਫਤਾਰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਪੀੜਤ ਪਰਿਵਾਰ ਸ਼੍ਰੋਮਣੀ ਕਮੇਟੀ ਨਾਲ ਤੁਰੰਤ ਰਾਬਤਾ ਕਰਨ ਤਾਂ ਜੋ ਉਨ੍ਹਾਂ ਦੀ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ।
ਇਸ ਦੌਰਾਨ ਇਕੱਤਰਤਾ ਵਿਚ ਪਹੁੰਚੇ ਵੱਖ-ਵੱਖ ਬੁਲਾਰਿਆਂ ਨੇ ਵੀ ਸਾਂਝੇ ਤੌਰ ‘ਤੇ ਇਕਮਤ ਹੁੰਦਿਆਂ ਸਿੱਖ ਕੌਮ ਨਾਲ ਹੋ ਰਹੇ ਅਨਿਆਂ ਦੇ ਖਿਲਾਫ ਬੌਧਿਕ ਤੇ ਕੂਟਨੀਤਕ ਪੱਧਰ ‘ਤੇ ਵੱਡੀ ਕਤਾਰਬੰਦੀ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਭਰੋਸਾ ਪ੍ਰਗਟ ਕੀਤਾ। ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਬਾਬਾ ਬਲਵੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, ਬਾਬਾ ਅਵਤਾਰ ਸਿੰਘ ਸੁਰਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਮਨਜੀਤ ਸਿੰਘ ਜੀ.ਕੇ., ਭੁਪਿੰਦਰ ਸਿੰਘ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਸਿੱਖ ਸ਼ਖ਼ਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ।