ਨਿਊਜ਼ੀਲੈਂਡ ਇਮੀਗ੍ਰੇਸ਼ਨ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦਾ ਕੰਮ ਨਿਬੇੜਣ ਲਾਗੇ
- ਇਮੀਗ੍ਰੇਸ਼ਨ ਕੰਮ ਨਿਬੇੜਣ ਲਾਗੇ
- 2021 ਰੈਜੀਡੈਂਟ ਵੀਜ਼ਾ ਮੰਗਣ ਵਾਲਿਆਂ ਚੋਂ 1 ਲੱਖ 88 ਹਜ਼ਾਰ 381 ਦਾ ਕਰਤਾ ਚਾਅ ਪੂਰਾ
- 28,665 ਲੋਕ ‘ਅਪਰੂਵਲ’ ਵਾਲੀ ਈਮੇਲ ਦੇ ਇੰਤਜ਼ਾਰ ਵਿਚ
ਹਰਜਿੰਦਰ ਸਿੰਘ ਬਸਿਆਲਾ
ਆਕਲੈਂਡ, 26 ਮਈ, 2023:-ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦੇ ਵੱਡੇ ਪਹਾੜ ਨੂੰ ਇਕ-ਇਕ ਕਰਕੇ ਹੇਠਾਂ ਖਿਸਕਾ, ਆਪਣੇ ਕੰਪਿਊਟਰਾਂ ਦੇ ਵਿਚ ਠੀਕੇ-ਠੀਕੇ ਲਾ ਕੇ ਬੰਦ ਕਰ ਲਿਆ ਹੈ। ਜਿਵੇਂ ਕਹਿੰਦੇ ਨੇ ਹਾਥੀ ਨਿਕਲ ਗਿਆ ਅਤੇ ਪੂਛ ਹੀ ਨਿਕਲਣੀ ਬਾਕੀ ਹੈ। 20 ਮਈ 2023 ਤੱਕ ਪ੍ਰਾਪਤ ਹੋਏ ਅੰਕੜੇ ਦਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106,531 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਗਿਣਤੀ 217,448 ਬਣਦੀ ਹੈ। ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 94,837 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 188,381 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਚਾਅ ਪੂਰਾ ਕਰ ਦਿੱਤਾ ਹੈ। ਇਸ ਦੌਰਾਨ 402 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ।
ਕਿੰਨੇ ਕੁ ਰਹਿ ਗਏ? ਲਗਪਗ 28,665 ਲੋਕਾਂ ਦੀ ਕਿਸਮਤ ਦਾ ਫੈਸਲਾ 11,292 ਬਚੀਆਂ ਅਰਜ਼ੀਆਂ ਦੇ ਵਿਚ ਲਪੇਟਿਆ ਪਿਆ ਹੈ, ਇਨ੍ਹਾਂ ਨੂੰ ‘ਅਪਰੂਵਲ’ ਵਾਲੀ ਈਮੇਲ ਆਉਣ ਦੀ ਹਮੇਸ਼ਾਂ ਬਿੜਕ ਬਣੀ ਰਹਿੰਦੀ ਹੈ, ਲਗਦਾ ਹੈ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਹੋ ਜਾਵੇਗਾ। ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਨੂੰ ਸ਼ੁਰੂ ਹੋਈਆਂ ਸਨ ਅਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਤੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਤੀ ਅਰਜ਼ੀ ਫੀਸ 2160 ਡਾਲਰ ਰੱਖੀ ਗਈ ਸੀ।
ਭਾਰਤੀਆਂ ਦੀ ਸੰਖਿਆ: ਇਸ ਵੀਜ਼ਾ ਸ਼੍ਰੇਣੀ ਅਧੀਨ 55,500 ਅਰਜ਼ੀਆਂ ਭਾਰਤੀਆਂ ਦੀਆਂ ਸਨ ਜਿਨ੍ਹਾਂ ਵਿਚੋਂ 40,000 ਤੋਂ ਵੱਧ ਦੇ ਰੈਜੀਡੈਂਟ ਵੀਜ਼ੇ ਮਾਰਚ 2023 ਤੱਕ ਲੱਗ ਚੁੱਕੇ ਸਨ।