ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ਗ੍ਰਿਫ਼ਤਾਰ ਕਰਮੀਆਂ ਕੋਲੋਂ ਸਿੱਖਿਆ ਵਿਭਾਗ ਨੇ ਕੀਤੀ ਜਵਾਬ ਤਲਬੀ
ਰੋਹਿਤ ਗੁਪਤਾ
ਗੁਰਦਾਸਪੁਰ 28 ਮਈ 2023 - ਇਨੀਂ ਦਿਨ੍ਹੀਂ ਚਰਚਾ ਵਿੱਚ ਚੱਲ ਰਹੇ ਟੀਚਿੰਗ ਫ਼ੈਲੋਜ਼ ਘੁਟਾਲੇ ਵਿੱਚ ਵਿਜੀਲੈਂਸ ਵੱਲੋਂ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ 3 ਕਰਮਚਾਰੀ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਇੱਕ ਕਰਮਚਾਰੀ ਧਰਮਪਾਲ ਦਾਸ ਰਿਟਾਇਰ ਹੋ ਚੁੱਕਿਆ ਹੈ ਜਦ ਕਿ ਬਾਕੀ ਦੋ ਅਜੇ ਵੀ ਨੌਕਰੀ ਕਰ ਰਹੇ ਹਨ। ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਰਿੰਦਰ ਸ਼ਰਮਾ ਜੂਨੀਅਰ ਸਹਾਇਕ ਦਫ਼ਤਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਗੁਰਦਾਸਪੁਰ ਨੂੰ ਮੁਅੱਤਲ ਕਰਕੇ ਉਸ ਦਾ ਹੈਡਕੁਆਟਰ ਸੰਗਰੂਰ ਵਿਖੇ ਬਣਾ ਦਿੱਤਾ ਗਿਆ ਹੈ ਜਦਕਿ ਮਿੱਤਰ ਬਾਸੂ ਸੀਨੀਅਰ ਸਹਾਇਕ ਦਾ ਮੁਅੱਤਲੀ ਤੋਂ ਬਾਅਦ ਹੈਡਕੁਆਟਰ ਮਾਨਸਾ ਵਿਖੇ ਬਣਾਇਆ ਗਿਆ ਹੈ।
ਹੁਣ ਸਿੱਖਿਆ ਵਿਭਾਗ ਪੰਜਾਬ ਨੇ ਆਪਣੇ ਤੌਰ ਤੇ ਵੀ ਇਨ੍ਹਾਂ ਗ੍ਰਿਫ਼ਤਾਰ ਕਰਮਚਾਰੀਆਂ ਤੋਂ ਜਵਾਬ ਤਲਬੀ ਕੀਤੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਇਹਨਾਂ ਦੋਨਾਂ ਕਲਰਕਾਂ ਨੂੰ ਦੋਸ਼ ਸੂਚੀ ਜਾਰੀ ਕਰ ਕੇ ਉਹਨਾਂ ਤੇ ਲੱਗੇ ਦੋਸ਼ਾਂ ਦਾ 21 ਦਿਨਾਂ ਦੇ ਵਿੱਚ-ਵਿੱਚ ਲਿਖਤ ਜਵਾਬ ਦੇਣ ਲਈ ਕਿਹਾ ਗਿਆ ਹੈ ਅਤੇ ਪੁੱਛਿਆ ਗਿਆ ਹੈ ਕਿ ਉਹ ਆਪਣੇ ਤੇ ਲਗਾਏ ਗਏ ਸਾਰੇ ਦੋਸ਼ਾਂ ਜਾਂ ਫਿਰ ਕੁੱਝ ਇੱਕ ਦੋਸ਼ਾਂ ਨੂੰ ਮੰਨਦੇ ਹਨ ਜਾਂ ਨਹੀਂ।
ਜੇਕਰ ਉਹ ਆਪਣੇ ਤੇ ਲੱਗੇ ਦੋਸ਼ਾਂ ਨਾਲ ਸਬੰਧਤ ਕੋਈ ਦਸਤਾਵੇਜ਼ ਵੇਖਣਾ ਚਾਹੁੰਦੇ ਹਨ ਤਾਂ ਉਹ ਦਫ਼ਤਰ ਨੂੰ ਪਹਿਲਾਂ ਸੂਚਨਾ ਦੇ ਕੇ ਵੇਖ ਸਕਦੇ ਹਨ ਪਰ ਇਹਨਾਂ ਦਸਤਾਵੇਜ਼ਾਂ ਨੂੰ ਨਾ ਦੇਖਣਾ ਉਨ੍ਹਾਂ ਦੇ ਜੁਆਬ ਵਿੱਚ ਹੋਣ ਵਾਲੀ ਦੇਰੀ ਦਾ ਕਾਰਨ ਨਹੀਂ ਬਣ ਸਕਦਾ। ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਉਹ ਨਿਸ਼ਚਿਤ ਸਮੇਂ ਦੇ ਅੰਦਰ ਅੰਦਰ ਕੋਈ ਜਵਾਬ ਨਹੀਂ ਦਿੰਦੇ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਹ ਆਪਣੀ ਸਫ਼ਾਈ ਵਿਚ ਕੁਝ ਨਹੀਂ ਕਹਿਣਾ ਚਾਹੁੰਦੇ ਅਤੇ ਉਹਨਾਂ ਦੇ ਖ਼ਿਲਾਫ਼ ਅਗਲੇਰੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਬਿਓਰੋ 29 ਮਈ ਯਾਨੀ ਕਿ ਕੱਲ ਦੀ ਤਰੀਕ ਵਿੱਚ ਮਾਮਲੇ ਨਾਲ ਸਬੰਧਤ ਕੋਈ ਨਵਾਂ ਖੁਲਾਸਾ ਕਰ ਸਕਦਾ ਹੈ।