ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਵਾਲੀਆਂ ਮਸ਼ੀਨਾਂ ਦਾ ਕੱਢਿਆ ਡਰਾਅ: ਡਿਪਟੀ ਕਮਿਸ਼ਨਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਸਤੰਬਰ 2023: ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਉਨ੍ਹਾਂ ਸੀ.ਆਰ.ਐਮ ਸਕੀਮ ਸਾਲ 2023-24 ਦੌਰਾਨ ਵੱਖ-ਵੱਖ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਆਰ.ਐਮ.ਬੀ ਪਲਾਓ, ਜੀਰੋ ਟਿਲ ਡਰਿਲ, ਪੈਡੀ ਸਟਰਾਅ ਚੌਪਰ, ਸਰਬ ਮਾਸਟਰ, ਸੁਪਰ ਐਸ.ਐਮ.ਐਸ, ਬੇਲਰ, ਰੇਕ ਅਤੇ ਕਰਾਪ ਰੀਪਰ ਅਤੇ ਸਰਫੇਸ ਸੀਡਰ ਸਬੰਧੀ ਪ੍ਰਾਪਤ ਹੋਈਆਂ ਦਰਖਾਸਤਾਂ ਦਾ ਆਨਲਾਈਨ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਕੈਟਾਗਿਰੀ ਵਿੱਚ ਕੁੱਲ 271 ਮਸ਼ੀਨਾਂ ਨੂੰ ਸੈਂਕਸ਼ਨ ਪੋਰਟਲ ਰਾਹੀਂ ਦੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੁੱਣੇ ਗਏ ਲਾਭਪਾਤਰੀਆਂ ਨੂੰ ਮਸ਼ੀਨਾਂ ਖਰੀਦਣ ਲਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਵੱਧ ਤੋਂ ਵੱਧ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਵਾਲੀਆਂ ਮਸ਼ੀਨਾਂ ਨਾਲ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਹੀ ਕਣਕ ਦੀ ਬਿਜਾਈ ਕਰਨ। ਉਨ੍ਹਾਂ ਦੱਸਿਆ ਕਿ ਇਸ ਵਾਰ ਚੇਅਰਮੈਨ ਏਅਰ ਕੁਆਲਿਟੀ ਇੰਨਡੈਕਸ, ਨਵੀਂ ਦਿੱਲੀ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਜ਼ੀਰੋ ਸਟੱਬਲ ਬਰਨਿੰਗ ਦਾ ਟੀਚਾ ਦਿੱਤਾ ਗਿਆ ਹੈ ਅਤੇ ਇਸ ਦੀ ਮੁਹਿੰਮ ਵੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਏ, ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ, ਡਿਪਟੀ ਡਾਇਰੈਕਟਰ ਕੇ.ਵੀ.ਕੇ ਲੰਗੜੋਆ ਡਾ. ਮਨਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕਟਾਰੀਆ, ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ, ਪ੍ਰੋਜੈਕਟ ਡਾਇਰੈਕਟਰ ਡਾ. ਕਮਲਦੀਪ ਸਿੰਘ ਸੰਘ, ਸਹਾਇਕ ਖੇਤੀਬਾੜੀ ਇੰਜੀਨੀਅਰ ਚੰਦਨ ਸ਼ਰਮਾ, ਐਲ.ਡੀ.ਐਮ ਹਰਮੇਸ਼ ਲਾਲ,ਏ.ਟੀ.ਐਮ ਸੰਦੀਪ ਸਿੰਘ, ਗੁਰਚਰਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।