1984 ਦੀ ਸਿੱਖ ਨਸਲਕੁਸ਼ੀ ਦੀ ਸਰਬਸੰਮਤੀ ਨਾਲ ਨਿਖੇਧੀ ਕਰੇ ਸੰਸਦ: ਹਰਸਿਮਰਤ ਕੌਰ ਬਾਦਲ
ਕਿਹਾ ਕਿ ਪੁਰਾਣੀ ਸੰਸਦੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੀਤੀ ਜਾਵੇ
ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕਰ ਕੇ ਇਸਨੂੰ ਲੋਕ ਸਭਾ ਵਿਚ ਪਾਸ ਕੀਤਾ ਜਾਵੇ
ਚੰਡੀਗੜ੍ਹ, 18 ਸਤੰਬਰ 2023 : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਤੋਂ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਮੰਗ ਕੀਤੀ ਕਿ 17ਵੀਂ ਸੰਸਦ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ 1984 ਦੀ ਸਿੱਖ ਨਸਲਕੁਸ਼ੀ ਦੀ ਨਿਖੇਧੀ ਕਰੇਤੇ ਉਹਨਾਂ ਨੇ ਪੁਰਾਣੀ ਸੰਸਦੀ ਇਮਰਾਰਤ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜਿਹਨਾਂ ਨੇ ਭਾਰਤ ਵਿਚ ਲੋਕਤੰਤਰ ਦੀ ਨੀਂਹ ਰੱਖੀ ਨੂੰ ਸਮਰਪਿਤ ਕਰਨ ਦੀ ਗੱਲ ਆਖੀ। ਸਾਬਕਾ ਕੇਂਦਰੀ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਲੋਕ ਸਭਾ ਵਿਚ ਮਹਿਲਾ ਰਾਖਵਾਂਕਰਨ ਬਿੱਲ ’ਤੇ ਚਰਚਾ ਕੀਤੀ ਜਾਵੇ ਤੇ ਇਸਨੂੰ ਪਾਸ ਕਰ ਕੇ ਮਹਿਲਾ ਸਸ਼ਕਤੀਕਰਨ ਵਾਸਤੇ ਕੰਮ ਕੀਤਾ ਜਾਵੇ।
ਸੰਸਦ ਵਿਚ ਭਾਰਤੀ ਪਾਰਲੀਮਾਨੀ ਲੋਕਤੰਤਰ ਦੀ ਮੌਜੂਦਾ ਸਰੂਪ ’ਤੇ ਚਰਚਾ ਵਿਚ ਭਾਗ ਲੈਂਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਵੇਖਿਆ ਹੈ ਕਿ 1984 ਵਿਚ ਕਿਵੇਂ ਘੱਟ ਗਿਣਤੀਆਂ ਤੇ ਧਾਰਮਿਕ ਘੱਟ ਗਿਣਤੀਆਂ ਦਾ ਕਤਲੇਆਮ ਹੋਇਆ। ਉਹਨਾਂ ਦੱਸਿਆ ਕਿ ਕਿਵੇਂ ਕਾਂਗਰਸ ਪਾਰਟੀ ਨੇ ਕੌਮੀ ਰਾਜਧਾਨੀ ਦੇ ਨਾਲ-ਨਾਲ ਦਸ਼ ਦੇ ਹੋਰ ਭਾਗਾਂ ਵਿਚ ਸਿੱਖਾਂ ਦਾ ਕਤਲੇਆਮ ਕਰਵਾ ਕੇ ਸਮੁੱਚੀ ਸਿੱਖ ਕੌਮ ਨੂੰ ਖਤਮ ਕਰਨ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਟੈਂਕ ਤੇ ਤੋਪਾਂ ਭੇਜੀਆਂ ਤੇ ਉਹਨਾਂ ਨੂੰ ਤਬਾਹ ਕੀਤਾ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਵੇਲੇ ਤੱਕ ਸਰਕਾਰ ਵੱਲੋਂ ਕਤਲੇਆਮ ਕਰਵਾਉਣ ਦੀ ਗੱਲ ਕਦੇ ਨਹੀਂ ਸੁਣੀ ਸੀ। ਉਹਨਾਂ ਕਿਹਾ ਕਿ ਜੇਕਰ ਇਸ ਸਰਕਾਰ ਨੇ ਸਿੱਖ ਕੌਮ ਲਈ ਨਿਆਂ ਦੀ ਗੱਲ ਕੀਤੀ ਹੁੰਦੀ ਤਾਂ ਹੋਰ ਤ੍ਰਾਸਦੀਆਂ ਤੋਂ ਬਚਾਅ ਹੋ ਸਕਦਾ ਸੀ ਤੇ ਉਹਨਾਂ ਨੇ ਮਣੀਪੁਰ ਵਿਚ ਵੱਡੀ ਪੱਧਰ ’ਤੇ ਕਤਲੇਆਮ ਤੇ ਔਰਤਾਂ ਨਾਲ ਜਬਰ ਜਨਾਹ ਦਾ ਵੀ ਜ਼ਿਕਰ ਕੀਤਾ।
ਬਠਿੰਡਾ ਦੇ ਐਮ ਪੀ ਨੇ ਸੰਸਦ ਦੀ ਪੁਰਾਣੀ ਇਮਾਰਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਗੁਰੂ ਸਾਹਿਬ ਨੇ ਧਾਰਮਿਕ ਆਜ਼ਾਦੀ ਦੀ ਰਾਖੀ ਵਾਸਤੇ ਕੰਮ ਕੀਤਾ ਸੀ। ਬਾਦਲ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਕਸਮੀਰੀ ਹਿੰਦੂ ਭਾਈਚਾਰੇ ਦੀ ਜਬਰੀ ਧਰਮ ਪਰਿਵਰਤਨ ਤੋਂ ਰਾਖੀ ਵਾਸਤੇ ਦਿੱਲੀ ਸ਼ਹਾਦਤ ਨੇ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਦਾ ਨੀਂਹ ਪੱਥਰ ਰੱਖਿਆ।
ਅਕਾਲੀ ਆਗੂ ਨੇ ਮਹਿਲਾ ਰਾਖਵਾਂਕਰਨ ’ਤੇ ਅਪੀਲ ਕਰਦਿਆਂ ਕਿਹਾ ਕਿ ਲੋਕ ਸਭਾ ਨੂੰ ਮਹਿਲਾ ਸਸ਼ਕਤੀਕਰਨ ਦੇ ਮਾਮਲੇ ਵਿਚ ਬਿੱਲ ਮੂਲ ਰੂਪ ਵਿਚ ਪਾਸ ਕਰ ਦੇਣਾ ਚਾਹੀਦਾ ਹੈ ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਿਰਭਿਆ, ਮਹਿਲਾ ਪਹਿਲਵਾਨਾਂ ਤੇ ਮਣੀਪੁਰ ਦੀਆਂ ਔਰਤਾਂ ਦੇ ਮਾਮਲੇ ਵਿਚ ਮਹਿਲਾ ਹੱਕਾਂ ਨੂੰ ਕੁਚਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਪਾਰਲੀਮਾਨੀ ਚੋਣਾਂ ਵਿਚ ਮਹਿਲਾਵਾਂ ਦੀ ਹਿੱਸੇਦਾਰੀ 67 ਫੀਸਦੀ ਸੀ ਤੇ ਉਹਨਾਂ ਦੀ ਆਵਾਜ਼ ਸੰਸਦ ਵਿਚ ਸੁਣੀ ਜਾਣੀ ਚਾਹੀਦੀ ਹੈ।
ਬਾਦਲ ਨੇ ਇਹ ਵੀ ਮੁੱਦਾ ਚੁੱਕਿਆ ਕਿ ਇਸ ਵੇਲੇ ਕਿਸਾਨਾਂ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀਆਂ ਵੱਲੋਂ ਖੁਦਕੁਸ਼ੀਆਂ ਕਰਨ ਦੀ ਦਰ ਸਿਖ਼ਰਾਂ ’ਤੇ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇਗੀ ਪਰ ਉਹ ਆਪਣਾ ਵਾਅਦਾ ਪੁਗਾਉਣ ਵਿਚ ਅਸਫਲ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜੇਬਾਂ ਵਿਚ ਪੈਸੇ ਦੀ ਲੋੜ ਹੈ ਨਾ ਕਿ ਥੋਥੇ ਵਾਅਦਿਆਂ ਦੀ ਹੈ। ਉਹਨਾਂ ਕਿਹਾਕਿ ਕਿਸਾਨ ਇਸ ਕਰ ਕੇ ਸੰਘਰਸ਼ ਕਰ ਰਹੇ ਹਨ ਕਿਉਂਕਿ ਉਹਨਾਂ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਨੈ ਪੰਜਾਬ ਦੇ ਕਿਸਾਨਾਂ ਦੀ ਉਦਾਹਰਣ ਦਿੱਤੀ ਜਿਹਨਾ ਨੇ ਪਿਛਲੇ 50 ਸਾਲਾਂ ਤੋਂ ਦੇਸ਼ ਦੇ ਅੰਨ ਭੰਡਾਰ ਭਰੇ ਪਰ ਹੁਣ ਉਹ ਸੰਕਟ ਵਿਚ ਹਨ।
ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਉਹਨਾਂ ਦੇ ਪੜਦਾਦਾ ਸਰਦਾਰ ਸੁਰਜੀਤ ਸਿੰਘ ਮਜੀਠੀਆ ਨੇ ਤਿੰਨ ਵਾਰ ਸੰਸਦ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ ਤੇ ਉਹਨਾਂ ਦੇ ਸਹੁਰੇ ਨੇ ਛੇ ਵਾਰ ਸੰਸਦ ਮੈਂਬਰ ਵਜੋਂ ਸੇਵਾਵਾਂ ਦਿੱਤੀਆਂ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਆਪਣੇ ਸਹੁਰਾ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਪ੍ਰਭਾਵਤ ਹੋਏ ਤੇ ਉਹਨਾਂ ਸਮਾਜ ਦੇ ਸਾਰੇ ਵਰਗਾਂ ਦੀ ਬੇਹਤਰੀ ਵਾਸਤੇ ਕੰਮ ਕੀਤਾ ਤੇ ਨਾਲ ਹੀ ਉਹਨਾਂ ਐਮਰਜੰਸੀ ਦਾ ਵਿਰੋਧ ਕੀਤਾ ਤੇ ਦੇਸ਼ ਵਿਚ ਰਾਜਾਂ ਨੂੰ ਵੱਧ ਸ਼ਕਤੀਆਂ ਦੇਣ ਦੀ ਵਕਾਲਤ ਕੀਤੀ।