ਅਮਰਦੀਪ ਕਾਲਜ ਵਿੱਚ ਰੈੱਡ ਡਾਟ ਮੁਹਿੰਮ ਸਬੰਧੀ ਸੈਮੀਨਾਰ ਦਾ ਆਯੋਜਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਸਤੰਬਰ 2023: ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਇਨਕਲਾਬ ਫੈਸਟੀਵਲ ਮਨਾਇਆ ਜਾ ਰਿਹਾ ਹੈ। ਇਸ ਫੈਸਟੀਵਲ ਦੌਰਾਨ ਜਿਲ੍ਹੇ ਭਰ ਵਿੱਚ ਅਨੇਕਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਵਿੱਚ ਜਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਰੈੱਡ ਡਾਟ ਮੁਹਿੰਮ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਗੁੱਡ ਗਵਰਨੈਂਸ ਫੈਲੋ ਮਿਸ ਸੰਜਨਾ ਸਕਸੈਨਾ ਦੀ ਅਗਵਾਈ ਵਿੱਚ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਪ੍ਰਿੰਸੀਪਲ ਸ਼ਮਸ਼ਾਦ ਅਲੀ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣ ਨਾਲ ਹੋਈ। ਸ੍ਮਸ਼ਾਦ ਅਲੀ ਨੇ ਕਿਹਾ ਕਿ ਅਸੀਂ ਭਾਗਸ਼ਾਲੀ ਹਾਂ ਕਿ ਅਸੀਂ ਦੇਸ਼ ਦੇ ਮਹਾਨ ਸ਼ਹੀਦ ਸ. ਭਗਤ ਸਿੰਘ ਜੀ ਦੇ ਨਗਰ ਨਾਲ ਨੇੜੇ ਦਾ ਸਬੰਧ ਰੱਖਦੇ ਹਾਂ ਅਤੇ ਉਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਹੋ ਰਹੀਆਂ ਗਤੀਵਿਧੀਆਂ ਦਾ ਹਿੱਸਾ ਬਣ ਰਹੇ ਹਾਂ। ਇਸ ਮੌਕੇ ਤੇ ਬੋਲਦਿਆਂ ਸੰਜਨਾਂ ਸਕਸੈਨਾ ਨੇ ਆਖਿਆ ਕਿ ਰੈੱਡ ਡਾਟ ਮੁਹਿੰਮ ਨੌਜੁਆਨਾਂ ਨੂੰ ਮੈਨਸੁਰੇਸ਼ਨ ਸਬੰਧੀ ਸੁਚੇਤ ਕਰਨ ਲਈ ਇੱਕ ਵੱਡੀ ਮੁਹਿੰਮ ਹੈ ਅਤੇ ਇਸ ਸਬੰਧੀ ਪੈਦਾ ਹੋਈਆਂ ਬਹੁਤ ਸਾਰੀਆਂ ਮਿੱਥਾਂ ਨੂੰ ਤੋੜਨ ਦੀ ਜਰੂਰਤ ਹੈ। ਇਸ ਮੌਕੇ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੁਜ਼ਗਾਰ ਅਫ਼ਸਰ ਸ੍ਸੰਜੀਵ ਕੁਮਾਰ ਨੇ ਬੋਲਦਿਆਂ ਕਿਹਾ ਕਿ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਰੁਜ਼ਗਾਰ ਸਬੰਧੀ ਵੀ ਅਨੇਕਾਂ ਪ੍ਰੋਗਰਾਮਾਂ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਤਹਿਤ ਵੱਖ-ਵੱਖ ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਕੈਰੀਅਰ ਬਣਾਉਣ ਦੇ ਉਪਲਬਧ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਵਿਦਿਆਰਥੀ ਵਿਦੇਸ਼ਾਂ ਦੀ ਹੋੜ ਨੂੰ ਛੱਡ ਕੇ ਆਪਣੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਤਲਾਸ਼ ਸਕਣ। ਇਸ ਤੋਂ ਬਾਅਦ ਮੈਨਸੂਰੇਸ਼ਨ ਹਾਈਜੀਨ ਤੇ ਡਾ. ਪੂਨਮ, ਮੈਡੀਕਲ ਅਫ਼ਸਰ ਸੀ.ਐੱਚ.ਸੀ. ਮੁਕੰਦਪੁਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਇਹ ਇੱਕ ਕੁਦਰਤੀ ਵਰਤਾਰਾ ਹੈ। ਹਰ ਇੱਕ ਔਰਤ ਨੂੰ ਇਸ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਸਾਰੀਆ ਔਰਤਾਂ ਮਾਹਵਾਰੀ ਸਮੇਂ ਵੱਖ-ਵੱਖ ਤਰ੍ਹਾਂ ਦੀ ਪਰਸਥਿਤੀਆਂ ਵਿਚੋਂ ਗੁਜ਼ਰਦੀਆਂ ਹਨ। ਸਾਨੂੰ ਘਰਾਂ ਅਤੇ ਕੰਮਾਂ ਵਾਲੀਆਂ ਥਾਵਾਂ ਤੇ ਇਨ੍ਹਾਂ ਦਿਨਾਂ ਵਿਚ ਔਰਤਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਸ ਉਪਰੰਤ ਇਸ ਟੀਮ ਵਿੱਚ ਸ਼ਾਮਲ ਇਨਟਰਨਸ਼ਿਪ ਕਰ ਰਹੇ ਵਿਦਿਆਰਥੀਆਂ ਨੇ ਇਨਕਲਾਬ ਫੈਸਟੀਵਲ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਅਤੇ ਮੈਨਸੂਰੇਸ਼ਨ ਹਾਈਜੀਨ ਸਬੰਧੀ ਹੋਰ ਜਾਣਕਾਰੀਆਂ ਪ੍ਰਦਾਨ ਕੀਤੀਆਂ। ਸੈਨਟਰੀ ਨੈਪਕਿਨਾਂ ਦੀ ਸਹੀ ਢੰਗ ਨਾਲ ਡਿਸਪੋਜ਼ਲ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਕਾਲਜ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਇਨਟਰਨਸ਼ਿਪ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਨਾ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਸੀ.ਐੱਚ.ਸੀ. ਮੁਕੰਦਪੁਰ ਤੋਂ ਸ੍ਰੀ ਹਰਪ੍ਰੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਸ੍ਰੀ ਅਮਨਦੀਪ ਕੁਮਾਰ, ਮਲਟੀਪਰਪਜ਼ ਹੈੱਲਥ ਵਰਕਰ ਵੀ ਖਾਸ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਪ੍ਰੋ. ਮਨਜੀਤ ਸਿੰਘ, ਡਾ.ਚਰਨਜੀਤ ਕੌਰ, ਪ੍ਰੋ. ਜਗਵਿੰਦਰ ਸਿੰਘ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸੁਖਮਿੰਦਰ ਦਾਸ ਬਾਵਾ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ, ਸ੍ਰੀਮਤੀ ਸ਼ਵੇਤਾ, ਸਾਰੇ ਸਫ਼ਾਈ ਕਰਮਚਾਰੀ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ। ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਡਾ. ਨਿਰਦੋਸ਼ ਕੌਰ ਵਲੋਂ ਕੀਤਾ ਗਿਆ।