ਪੀ.ਏ.ਯੂ. ਦੇ ਭੂਮੀ ਪਾਣੀ ਅਤੇ ਅਤੇ ਇੰਜਨੀਅਰਿੰਗ ਵਿਭਾਗ ਨੇ ਪਾਣੀ ਦੀ ਸੰਭਾਲ ਬਾਰੇ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ
ਲੁਧਿਆਣਾ 21 ਸਤੰਬਰ 2023- ਪੀ.ਏ.ਯੂ. ਦੇ ਭੂਮੀ ਪਾਣੀ ਅਤੇ ਇੰਜਨੀਅਰਿੰਗ ਇੰਜਨੀਅਰਿੰਗ ਵਿਭਾਗ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਕਾਸਟ ਪ੍ਰੋਜੈਕਟ ਦੇ ਅਧੀਨ ਬੀਤੇ ਦਿਨੀਂ ਇਕ ਵਿਸ਼ੇਸ਼ ਭਾਸ਼ਣ ਕਰਵਾਇਆ| ਭੁਵਨੇਸ਼ਵਰ ਦੇ ਪਾਣੀ ਤਕਨਾਲੋਜੀ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾ. ਅਸ਼ਵਨੀ ਕੁਮਾਰ ਪਾਣੀ ਦੀ ਸਰੋਤਾਂ ਦੀ ਸੰਭਾਲ ਬਾਰੇ ਇਸ ਭਾਸ਼ਣ ਦੇ ਮੁੱਖ ਵਕਤਾ ਸਨ|
ਡਾ. ਅਸ਼ਵਨੀ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਪਾਣੀ ਸੰਬੰਧੀ ਦੇਸ਼ ਅਤੇ ਦੁਨੀਆਂ ਦੇ ਹਾਲਾਤ ਦੀ ਗੱਲ ਕੀਤੀ| ਉਹਨਾਂ ਨੇ ਵਰਤੇ ਜਾ ਰਹੇ ਪਾਣੀ ਦੀ ਸਥਿਤੀ ਬਾਰੇ ਦੱਸਿਆ ਅਤੇ ਪਾਣੀ ਦੀ ਸੰਭਾਲ ਕਰਕੇ ਭਵਿੱਖ ਵਿਚ ਜ਼ਿੰਦਗੀ ਨੂੰ ਉਸਾਰੂ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਪਾਣੀ ਤੋਂ ਬਗੈਰ ਇਸ ਗ੍ਰਹਿ ਉੱਪਰ ਜੀਵਨ ਦੀ ਕਲਪਨਾ ਕਰਨਾ ਮੁਸ਼ਕਿਲ ਹੈ | ਇਸ ਦੇ ਨਾਲ ਹੀ ਉਹਨਾਂ ਨੇ ਬੀਤੇ ਸਾਲਾਂ ਵਿਚ ਪਾਣੀ ਦੀ ਸੰਭਾਲ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ| ਉਹਨਾਂ ਨੇ ਕਿਹਾ ਕਿ ਇਹ ਐਸਾ ਮੁੱਦਾ ਹੈ ਜਿਸ ਵਿਚ ਨਿੱਜੀ ਤੌਰ ਤੇ ਵਿਅਕਤੀ ਅਤੇ ਯੋਜਨਾ ਤੇ ਦੌਰ ਤੇ ਸਰਕਾਰ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ| ਉਹਨਾਂ ਨੇ ਸਥਿਰ ਭੋਜਨ ਉਤਪਾਦਨ ਅਤੇ ਬਦਲਦੀਆਂ ਮੌਸਮੀ ਪ੍ਰਸਥਿਤੀਆਂ ਦੇ ਮੱਦੇਨਜ਼ਰ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਨੂੰ ਸੰਭਾਲਣ ਲਈ ਮੁਹਿੰਮ ਚਲਾਉਣ ਦੀ ਲੋੜ ਤੇ ਜ਼ੋਰ ਦਿੱਤਾ|
ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ ਪੀ ਚੌਧਰੀ ਨੇ ਇਸ ਮੌਕੇ ਕੇਵਲ ਭੋਜਨ ਸੁਰੱਖਿਆ ਦੀ ਥਾਂ ਪੋਸ਼ਣ ਸੁਰੱਖਿਆ ਅਤੇ ਇਸ ਲਈ ਗੈਰ ਰਵਾਇਤੀ ਖੁਰਾਕ ਆਦਤਾਂ ਅਪਨਾਉਣ ਦੀ ਲੋੜ ਤੇ ਜ਼ੋਰ ਦਿੱਤਾ| ਉਹਨਾਂ ਨੇ ਕਿਹਾ ਕਿ ਪਾਣੀ ਦੀ ਵਰਤੋਂ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਕਾਸਟ ਪ੍ਰੋਜੈਕਟ ਤਹਿਤ ਇਹ ਕਾਰਜ ਕੀਤਾ ਜਾ ਰਿਹਾ ਹੈ|
ਵਿਭਾਗ ਦੇ ਮੁਖੀ ਡਾ. ਰਾਕੇਸ਼ ਸ਼ਾਰਦਾ ਨੇ ਮਹਿਮਾਨ ਵਕਤਾ ਦਾ ਸਵਾਗਤ ਕਰਦਿਆਂ ਉਹਨਾਂ ਨਾਲ ਜਾਣ-ਪਛਾਣ ਕਰਵਾਈ| ਡਾ. ਸ਼ਾਰਦਾ ਨੇ ਡਾ. ਅਸ਼ਵਨੀ ਕੁਮਾਰ ਹੋਰਾਂ ਵੱਲੋਂ ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਨਿਭਾਈ ਸੇਵਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਹਨਾਂ ਨੇ ਪਿਛਲੇ 40 ਸਾਲਾਂ ਤੋਂ ਪਾਣੀ ਦੀ ਸੰਭਾਲ ਦੇ ਖੇਤਰ ਵਿਚ ਜ਼ਿਕਰਯੋਗ ਕਾਰਜ ਕੀਤਾ ਹੈ| ਇਸਦੇ ਨਾਲ ਹੀ ਉਹਨਾਂ ਨੇ ਪੀ.ਏ.ਯੂ. ਦੇ ਭੂਮੀ ਪਾਣੀ ਅਤੇ ਇੰਜਨੀਅਰਿੰਗ ਵਿਭਾਗ ਵੱਲੋਂ ਪਾਣੀ ਦੀ ਸੰਭਾਲ ਲਈ ਕੀਤੇ ਜਾ ਰਹੇ ਖੋਜ ਅਤੇ ਪਸਾਰ ਕਾਰਜਾਂ ਦਾ ਜ਼ਿਕਰ ਵੀ ਕੀਤਾ| ਇਸ ਮੌਕੇ ਧੰਨਵਾਦ ਦੇ ਸ਼ਬਦ ਡਾ. ਅਮੀਨਾ ਰਹੇਜਾ ਨੇ ਕਹੇ|