ਰਾਹੋਂ ਦਾ ਜਰਨੈਲ, ਹਮਿਲਟਨ ਦਾ ਹੀਰੋ; ਹਮਿਲਟਨ ਸਿਟੀ ਕੌਂਸਿਲ ਵੱਲੋਂ ਸ. ਜਰੈਨਲ ਸਿੰਘ ਰਾਹੋਂ ਨੂੰ ਕਮਿਊਨਿਟੀ ਹੀਰੋ ਨਾਗਰਿਕ ਪੁਰਸਕਾਰ
-ਸਮਾਜਿਕ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਉਤੇ ਮੇਅਰ ਨੇ ਕੀਤਾ ਸਨਮਾਨਿਤ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 22 ਸਤੰਬਰ, 2023:- ਸਥਾਨਿਕ ਨਗਰ ਕੌਂਸਿਲਾਂ ਜਿੱਥੇ ਸ਼ਹਿਰ ਦਾ ਸ਼ਹਿਰੀ ਕਰਨ ਵੇਲੇ ਬਹੁਪੱਖੀ ਖਿਆਲ ਰੱਖਦੀਆਂ ਹਨ ਉਥੇ ਆਪਣੇ ਸ਼ਹਿਰੀ ਨਾਗਰਿਕਾਂ ਵੱਲੋਂ ਸਹਿਯੋਗੀ ਬਣ ਕੇ ਕੀਤੇ ਜਾਣ ਵਾਲੇ ਸਮਾਜਿਕ ਕਾਰਜਾਂ ਦੇ ਵਿਚ ਉਨ੍ਹਾਂ ਨੂੰ ਮਾਨਤਾ ਦੇ ਕੇ ਨਿਵਾਜਣਾ ਕਦੇ ਨਹੀਂ ਭੁੱਲਦੀਆਂ। ਹੁਣ ਹਮਿਲਟਨ ਸਿਟੀ ਕੌਂਸਿਲ ਵੱਲੋਂ ਕਮਿਊਨਿਟੀ ਕਾਰਜਾਂ ਦੇ ਵਿਚ ਕਮਿਊਨਿਟੀ ਹੀਰੋ ਵਾਂਗ ਭੂਮਿਕਾ ਨਿਭਾਉਣ ਵਾਲੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੂੰ ਬੀਤੇ ਕੱਲ੍ਹ ਕੌਂਸਿਲ ਦੇ ਸਲਾਨਾ ‘ਸਿਵਿਕ ਐਵਾਰਡਜ਼ 2023’ ਸਮਾਰੋਹ ਦੇ ਵਿਚ ‘ਸਿਵਿਕ ਐਵਾਰਡ’ (ਨਾਗਰਿਕ ਪੁਰਸਕਾਰ) ਨਾਲ ਸਨਮਾਨਿਤ ਕੀਤਾ ਗਿਆ।
ਹਮਿਲਟਨ ਸਿਟੀ ਕੌਂਸਿਲ ਦੀ ਮੇਅਰ ਪਾਉਲਾ ਸਾਊਥਗੇਟ ਨੇ ਭਰਵੇਂ ਸਮਾਗਮ ਦੇ ਵਿਚ ਇਹ ਐਵਾਰਡ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੂੰ ਭੇਟ ਕੀਤਾ। ਰਾਹੋਂ ਦਾ ਜਰਨੈਲ ਸੱਚਮੁੱਚ ਹਮਿਲਟਨ ਵਾਲੇ ਪਾਸੇ ਕੌਂਸਿਲ ਦਾ ਹੀਰੋ ਬਣ ਕੇ ਹੋਰ ਜ਼ਿੰਮੇਵਾਰੀ ਨਾਲ ਸਮਾਜ ਸੇਵਾ ਵਿਚ ਡਟੇ ਰਹਿਣ ਲਈ ਪੱਕਾ ਹੋ ਗਿਆ ਹੈ। ਸ. ਜਰਨੈਲ ਸਿੰਘ ਰਾਹੋਂ ਨੇ ਇਹ ਐਵਾਰਡ ਆਪਣੇ ਸਾਰੇ ਸਹਿਯੋਗੀ ਮੈਂਬਰਾਂ ਦੀ ਮਿਹਨਤ ਨੂੰ ਸਮਰਪਿਤ ਕੀਤਾ। ਪੰਜਾਬੀ ਮੀਡੀਆ ਕਰਮੀਆਂ ਰੇਡੀਓ ਸਪਾਈਸ, ਪੰਜਾਬੀ ਹੈਰਲਡ, ਕੂਕ ਸਮਾਚਾਰ ਤੇ ਡੇਲੀ ਖਬਰ ਵੱਲੋਂ ਉਨ੍ਹੰਾਂ ਨੂੰ ਵਧਾਈ ਦਿੱਤੀ ਗਈ।
ਜਰਨੈਲ ਸਿੰਘ ਦਾ ਰਾਹੋਂ ਤੋਂ ਹਮਿਲਟਨ ਦਾ ਸਫ਼ਰ: 54 ਕੁ ਸਾਲਾ ਸ. ਜਰਨੈਲ ਸਿੰਘ ਰਾਹੋਂ ਫਰਵਰੀ 2008 ਵਿੱਚ ਨਿਊਜ਼ੀਲੈਂਡ ਵਿੱਚ ਆਏ ਸਨ। ਲੰਬੇ ਸਮੇਂ ਤੋਂ ਉਹ ਸ਼ਹੀਦੇ ਆਜਮ ਸ. ਭੱਗਤ ਸਿੰਘ ਟਰੱਸਟ ਨਾਲ ਜੁੜ ਕੇ ਕਮਿਉਨਟੀ ਦੀ ਸੇਵਾ ਕਰ ਰਹੇ ਹਨ ਜਿਸ ਵਿੱਚ ਸਲਾਨਾ ਖੂਨਦਾਨ ਕੈਂਪ, ਰੁੱਖ ਲਗਾਓ ਅਭਿਆਨ, ਖੇਡ ਸਰਗਰਮੀਆਂ,ਪੰਜਾਬੀ ਸਕੂਲ, ਗਿੱਧਾ-ਭੰਗੜਾ ਕਲਾਸਾਂ, ਦਸਤਾਰ ਸਿੱਖਲਾਈ, ਕੋਵਿੱਡ-19 ਦੇ ਵਿੱਚ ਮੁਫ਼ਤ ਫੂਡ ਪਾਰਸਲ ਬੈਗ ਲੋੜਬੰਦ ਵਿਆਕਤੀਆਂ ਨੂੰ ਵੰਡਣੇ ਆਦਿ ਸ਼ਾਮਿਲ ਰਹੇ ਹਨ। ਇਸ ਤੋਂ ਇਲਾਵਾ ਹੋਰ ਅਨੇਕਾਂ ਹੋਰ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਯੋਗਦਾਨ ਪਾ ਰਹੇ ਹਨ ਤੇ ਪੰਜਾਬੀ ਕਮਿਊਨਟੀ ਦੇ ਖੇਡ ਮੇਲਿਆਂ ’ਤੇ ਆਪਣੀ ਬੁਲੰਦ ਆਵਾਜ਼ ਵਿੱਚ ਮਾਂ ਬੋਲੀ ਪੰਜਾਬੀ ਅਤੇ ਮਾਂ ਖੇਡ ਕਬੱਡੀ ਦੇ ਕੈੁਮੈਂਟੇਟਰ ਦੇ ਤੌਰ ’ਤੇ ਸੇਵਾ ਕਰ ਰਹੇ ਹਨ।
ਇਥੇ ਆਉਣ ਤੋ ਪਹਿਲਾਂ ਉਹ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਸਰਵਿਸ ਕਰਦਿਆਂ ਵਰਕਰਾਂ ਦੇ ਹੱਕਾਂ ਲਈ ਸ਼ੰਘਰਸ਼ ਵਿੱਚ ਮੋਹਰਲੀ ਕਤਾਰ ਦੇ ਆਗੂਆਂ ਵਿੱਚੋਂ ਸਨ। ਜਰਨੈਲ ਸਿੰਘ ਰਾਹੋਂ ਮੁਤਾਬਕ ਟਰੱਸਟ ਦੀ ਸਾਰੀ ਟੀਮ ਤੇ ਉਸ ਦੇ ਪ੍ਰੀਵਾਰ ਨੂੰ ਇਸ ਐਵਾਰਡ ਦਾ ਸਿਹਰਾ ਜਾਂਦਾ ਹੈ। ਐਵਾਰਡ ਪ੍ਰਾਪਤ ਕਰਨ ਸਮੇਂ ਉਹਨਾਂ ਦੇ ਨਾਲ ਜੈਨੀ ਨੰਦ , ਅਤੁੱਲ ਸ਼ਰਮਾਂ, ਮੋਨਕਾ ਥੌਰ ਪੁਰੇਵਾਲ, ਹਰਗੁਣਜੀਤ ਸਿੰਘ, ਹਰਜੀਤ ਕੌਰ, ਗੁਰਬਾਜ ਸਿੰਘ ਤੇ ਪਤਨੀ ਜਸਵਿੰਦਰ ਕੌਰ ਰਾਹੋਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ. ਜਰਨੈਲ ਸਿੰਘ ਰਾਹੋਂ ਵੱਲੋਂ ਹਮਿਲਟਿਨ ਸਿੱਟੀ ਕੌਂਸਿਲ ਦੀ ਮੇਅਰ ਪਾਉਲਾ ਸਾਉਥਗੇਟ, ਕੌਂਸਲਰ ਐਮਾ ਪਾਇਕ ਤੇ ਸਾਰੀ ਟੀਮ ਦਾ ਵਿਸ਼ੇਸ਼ ਤੌਰ ’ਤੇ ਐਵਾਰਡ ਲਈ ਧੰਨਵਾਦ ਕੀਤਾ।