ਐਨ. ਆਰ. ਆਈ. ਦੀ ਕੋਠੀ ਵਿੱਚੋਂ 5 ਤੋਲੇ ਸੋਨਾ ਅਤੇ 20 ਹਜਾਰ ਨਗਦੀ ਚੋਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਸਤੰਬਰ 2023 ਇਥੋਂ ਥੋੜੀ ਦੂਰੀ ਤੇ ਸਥਿਤ ਪਿੰਡ ਡੱਲਾ ਵਿਖੇ ਬੀਤੇ ਦਿਨ ਇੱਕ ਐਨ. ਆਰ. ਆਈ. ਦੀ ਕੋਠੀ ਵਿੱਚੋਂ 5 ਤੋਲੇ ਸੋਨਾ ਅਤੇ 20 ਹਜਾਰ ਰੁਪਏ ਨਗਦੀ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਰਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਭਰਾ ਬਲਦੇਵ ਸਿੰਘ ਵਿਰਕ ਪਰਿਵਾਰ ਸਮੇਤ ਕਨੇਡਾ ਰਹਿ ਰਿਹਾ ਹੈ ਅਤੇ ਪਿਛਲੇ ਕਰੀਬ ਦੋ ਸਾਲ ਤੋਂ ਉਹ ਆਪਣੇ ਪਿੰਡ ਨਹੀਂ ਆਏ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਨੇ ਆਪਣੇ ਘਰ ਦੀ ਸਫਾਈ ਦਾ ਕੰਮ ਪਿੰਡ ਦੇ ਹੀ ਰਹਿਣ ਵਾਲੇ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਨੂੰ ਸੌਂਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੱਲ ਸਵੇਰੇ ਮੀਂਹ ਪੈਣ ਤੋਂ ਬਾਅਦ ਬਲਵਿੰਦਰ ਸਿੰਘ ਅਤੇ ਉਸਦੀ ਪਤਨੀ ਬਲਦੇਵ ਸਿੰਘ ਦੇ ਘਰ ਦੀ ਸਫਾਈ ਕਰਕੇ ਘਰ ਦੇ ਬਾਹਰਲੇ ਦਰਵਾਜੇ ਚੰਗੀ ਤਰ੍ਹਾਂ ਬੰਦ ਕਰਕੇ ਗਏ ਸਨ ਅਤੇ ਜਦੋਂ ਸ਼ਾਮ ਨੂੰ ਘਰ ਦੇ ਬਾਕੀ ਦਰਵਾਜੇ ਬੰਦ ਕਰਨ ਆਏ ਤਾਂ ਦੇਖਿਆ ਕਿ ਘਰ ਦੀ ਰਸੋਈ ਦਾ ਦਰਵਾਜਾ ਟੁੱਟਾ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਅੰਦਰ ਜਾ ਕੇ ਦੇਖਿਆ ਕਿ ਘਰ ਦੇ ਸਾਰੇ ਕਮਰਿਆਂ ਦਾ ਸਮਾਨ ਖਿਲਰਿਆ ਹੋਇਆ ਸੀ। ਜਥੇਦਾਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਆਪਣੇ ਭਰਾ ਬਲਦੇਵ ਸਿੰਘ ਨਾਲ ਫੋਨ 'ਤੇ ਵਿਦੇਸ਼ ਵਿੱਚ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੰਦਰਲੀ ਅਲਮਾਰੀ ਵਿੱਚ ਉਨ੍ਹਾਂ ਦਾ 5 ਤੋਲੇ ਸੋਨਾ ਅਤੇ 20 ਹਜਾਰ ਰੁਪਏ ਨਗਦ ਰੱਖੇ ਹੋਏ ਸਨ, ਜੋ ਦੇਖਣ 'ਤੇ ਪਤਾ ਲੱਗਾ ਕਿ ਚੋਰ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਚੌਂਕੀ ਡੱਲਾ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਸ਼ੱਕ ਜਾਹਰ ਕਰਦਿਆਂ ਕਿਹਾ ਕਿ ਜਦੋਂ ਤੋਂ ਡੱਲਾ ਪਿੰਡ ਦੇ ਨੇੜਿਓਂ ਲੰਘਦੇ ਨੈਸ਼ਨਲ ਹਾਈਵੇ 703 ਏ ਦੇ ਆਲੇ ਦੁਆਲੇ ਤਾਸ਼ਪੁਰ ਮੋੜ ਨੇੜੇ ਪ੍ਰਵਾਸੀ ਮਜਦੂਰ ਨਜਾਇਜ ਤੌਰ 'ਤੇ ਝੁੱਗੀਆਂ ਬਣਾ ਕੇ ਬੈਠੇ ਹਨ ਉਦੋਂ ਤੋਂ ਇਲਾਕੇ ਅੰਦਰ ਚੋਰੀਆਂ ਦੀਆਂ ਘਟਨਾਵਾਂ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪ੍ਰਵਾਸੀ ਮਜਦੂਰਾਂ ਨੂੰ ਇਥੋਂ ਉਠਾਇਆ ਜਾਵੇ ਅਤੇ ਇਲਾਕੇ ਵਿੱਚ ਸਰਗਰਮ ਇਸ ਚੋਰ ਗਿਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ।