ਮੁਕਤਸਰ ਪੁਲਿਸ ਵੱਲੋਂ ਚਾੜ੍ਹੇ ਚੰਦ ਕਾਰਨ ਐਸ ਪੀ ਸਣੇ 7 ਖਿਲਾਫ ਕੇਸ ਦਰਜ ਕਰਨ ਦੇ ਹੁਕਮ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2023: ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੱਕ ਵਕੀਲ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਇੱਕ ਐਸ ਪੀ ਅਤੇ ਇੱਕ ਡੀ ਐਸ ਪੀ ਤੋਂ ਇਲਾਵਾ ਸੀਆਈਏ ਸਟਾਫ਼ ਦੇ ਇੰਚਾਰਜ ਸਮੇਤ ਕੁੱਲ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਪੁਲਿਸ ਦੇ ਇੱਕ ਥਾਣਾ ਇੰਚਾਰਜ ਦੇ ਟਾਰਚਰ ਤੋਂ ਬਾਅਦ ਦੋ ਸਕੇ ਭਰਾਵਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਹੁਣ ਮੁਕਤਸਰ ਪੁਲਿਸ ਕਾਨੂੰਨੀ ਲਪੇਟੇ 'ਚ ਆਉਂਦੀ ਦਿਖਾਈ ਦੇ ਰਹੀ ਹੈ।ਹਾਲਾਂਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਦਲੀਲ ਵੱਖਰੀ ਹੈ ਪਰ ਅਦਾਲਤੀ ਹੁਕਮਾਂ ਨੇ ਇੱਕ ਵਾਰ ਤਾਂ ਪੁਲਿਸ ਦੀ ਕਾਰਕਰਦਗੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।
ਮੁਕਤਸਰ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਹੁਣ ਕਾਨੂੰਨੀ ਚਾਰਾ ਜੋਈ ਦੀ ਗੱਲ ਆਖੀ ਜਾ ਰਹੀ ਹੈ। ਅਦਾਲਤ ਨੇ ਮੁਕਤਸਰ ਦੀ ਵਕੀਲ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਜਿਨ੍ਹਾਂ ਖਿਲਾਫ ਕੇਸ ਦਰਜ ਕਰਨ ਦੀ ਆਦੇਸ਼ ਦਿੱਤੇ ਹਨ ਉਨ੍ਹਾਂ ਵਿੱਚ ਮੁਕਤਸਰ ਦੇ ਐਸ.ਪੀ. ਰਮਨਦੀਪ ਸਿੰਘ ਭੁੱਲਰ, ਡੀ.ਐਸ.ਪੀ ਸੰਜੀਵ ਗੋਇਲ ਅਤੇ ਸੀਆਈਏ ਸਟਾਫ਼ ਮੁਕਤਸਰ ਦੇ ਇੰਚਾਰਜ਼ ਰਮਨ ਕੁਮਾਰ ਕੰਬੋਜ ਤੋਂ ਇਲਾਵਾ ਇੱਕ ਹੈੱਡ ਕਾਂਸਟੇਬਲ ,ਇੱਕ ਸੀਨੀਅਰ ਕਾਂਸਟੇਬਲ ,ਇੱਕ ਸਿਪਾਹੀ,ਇੱਕ ਹੋਮਗਾਰਡ ਤੇ ਕਈ ਅਣਪਛਾਤੇ ਪੁਲਿਸ ਮੁਲਾਜ਼ਮ ਸ਼ਾਮਲ ਹਨ। ਅਦਾਲਤ ਨੇ ਇਨ੍ਹਾਂ ਖਿਲਾਫ ਪੁਲਿਸ ਹਿਰਾਸਤ ਵਿੱਚ ਕੁੱਟਮਾਰ ਕਰਨ , ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣਾ ਤੇ ਜਾਨੋਂ ਮਾਰਨ ਦੀ ਧਮਕੀ ਦੇਣਾ ਦੇ ਦੋਸ਼ਾਂ ਹੇਠ ਪਰਚਾ ਦਰਜ ਕਰਨ ਲਈ ਕਿਹਾ ਹੈ।
ਸੀਨੀਅਰ ਪੁਲਿਸ ਕਪਤਾਨ ਸ਼੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਨੇ ਅਦਾਲਤ ਵਿੱਚੋਂ ਪੁਲਿਸ ਕੇਸ ਦਰਜ ਕਰਨ ਸਬੰਧੀ ਹੁਕਮ ਦੇਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤ ਕਰਤਾ ਵਕੀਲ ਨਸ਼ੇ ਦਾ ਵੱਡਾ ਸਮੱਗਲਰ ਹੈ ਜਿਸ ਖ਼ਿਲਾਫ਼ ਪਹਿਲਾਂ ਵੀ ਨਸ਼ਿਆਂ ਦੀ ਤਸਕਰੀ ਮਾਮਲੇ ਵਿੱਚ ਪੁਲਿਸ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਤੱਥ ਮੁਕਤਸਰ ਪੁਲਿਸ ਦੇ ਰਿਕਾਰਡ ਵਿੱਚ ਹੀ ਨਹੀਂ ਬਲਕਿ ਪੰਜਾਬ ਦੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਹੈ। ਉਹਨਾਂ ਦੱਸਿਆ ਕਿ ਮੁਕਤਸਰ ਪੁਲਿਸ ਅਦਾਲਤੀ ਹੁਕਮਾਂ ਦੀ ਪੜਚੋਲ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕਰੇਗੀ। ਉਨ੍ਹਾਂ ਤਸ਼ੱਦਦ ਕਰਨ ਦੇ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ ਬੁਨਿਆਦ ਅਤੇ ਝੂਠੇ ਕਰਾਰ ਦਿੱਤਾ ਹੈ।