ਅੰਮ੍ਰਿਤਸਰ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ
ਪੇਕੇ ਪਰਿਵਾਰ ਦਾ ਦੋਸ਼- ਸਾਡੀ ਧੀ ਦਾ ਕੀਤਾ ਗਿਆ ਹੈ ਸਹੁਰੇ ਪਰਿਵਾਰ ਵੱਲੋਂ ਕਤਲ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 24 ਸਤੰਬਰ 2023- ਅੰਮ੍ਰਿਤਸਰ 'ਚ ਔਰਤ ਸਿਮਰਨ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੇ ਸਹੁਰੇ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਨੇ ਆਪਣੀ ਲੜਕੀ ਦਾ ਵਿਆਹ 2 ਸਾਲ ਪਹਿਲਾਂ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ, ਦੋਸ਼ੀਆਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਉਸਨੂੰ ਜ਼ਹਿਰੀਲਾ ਪਦਾਰਥ ਨਹੀਂ ਦਿੱਤਾ ਗਿਆ ਸਗੋਂ ਜ਼ਬਰਦਸਤੀ ਖੁਆਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਸਿਮਰਨ ਦੇ ਪਿਤਾ ਨੇ ਦੱਸਿਆ ਕਿ ਅਕਸਰ ਹੀ ਕੁੜੀ ਦਾ ਸਹੁਰਾ ਪਰਿਵਾਰ ਉਸ ਦੀ ਧੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦਾ ਸੀ। ਉਸ ਨੇ ਦੱਸਿਆ ਕਿ ਸਹੁਰਾ ਪਰਿਵਾਰ 'ਚ ਕੁੜੀ ਦਾ ਘਰਵਾਲਾ ਗੁਰਪ੍ਰੀਤ, ਕੁੜੀ ਦੀ ਨਨਾਣ ਬਲਜੀਤ ਕੌਰ ਬਬਲੀ ਅਤੇ ਸੱਸ ਨਿਰਮਲ ਕੌਰ ਹਮੇਸ਼ਾ ਉਸ ਨੂੰ ਦਾਜ ਲਈ ਖਰੀਆਂ-ਖਰੀਆਂ ਸੁਣਾਉਂਦੀਆਂ ਸਨ, ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਸਾਡੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਕੁੜੀ ਦੇ ਘਰਵਾਲੇ ਗੁਰਪ੍ਰੀਤ ਸਿੰਘ, ਨਨਾਣ ਅਤੇ ਸੱਸ ਦੇ ਖ਼ਿਲਾਫ਼ ਮਾਮਲਾ ਕੀਤਾ ਦਰਜ ਕਰ ਲਿਆ ਹੈ।