ਕੇਂਦਰੀ ਯੂਨੀਵਰਸਿਟੀ ਵਿਖੇ ਜੀ 20 ਯੂਨੀਵਰਸਿਟੀ ਕਨੈਕਟ ਫਿਨਾਲੇ ਈਵੈਂਟ ਦਾ ਸਿੱਧਾ ਪ੍ਰਸਾਰਣ
ਅਸ਼ੋਕ ਵਰਮਾ
ਬਠਿੰਡਾ,27ਸਤੰਬਰ2023:ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਜੀ 20 ਯੂਨੀਵਰਸਿਟੀ ਕਨੈਕਟ ਫਿਨਾਲੇ ਈਵੈਂਟ ਦਾ ਸਿੱਧਾ ਪ੍ਰਸਾਰਣ ਯੂਨੀਵਰਸਿਟੀ ਦੇ ਸੈਮੀਨਾਰ ਹਾਲ ਵਿੱਚ ਵੱਡੀ ਸਕਰੀਨ ’ਤੇ ਦਿਖਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ 350 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਨੇ ਨਾਲ ਹਿੱਸਾ ਲਿਆ ਅਤੇ ਪ੍ਰਧਾਨ ਮੰਤਰੀ ਸਮੇਤ ਵੱਖ ਵੱਖ ਮਾਹਿਰਾਂਦੇ ਵਿਚਾਰ ਸੁਣੇ।ਜੀ 20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ 20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ 20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ-20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ 20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ 20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ 20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਵੱਡਾ ਸੋਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੌਕੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਅਤੇ ਹਰ ਗਤੀਵਿਧੀ ਨੂੰ ਇੱਕ ਮਾਪਦੰਡ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਜੀ-20 ਦੀ ਉਦਾਹਰਣ ਦੇ ਕੇ ਸਪੱਸ਼ਟ ਕੀਤਾ ਕਿ ਇਹ ਮਹਿਜ਼ ਕੂਟਨੀਤਕ ਅਤੇ ਦਿੱਲੀ ਵਿੱਚ ਇੱਕ ਕੇਂਦਰਿਤ ਸਮਾਗਮ ਹੋ ਸਕਦਾ ਸੀ, ਪਰ ਭਾਰਤ ਨੇ ਜੀ-20 ਨੂੰ ਜਨ-ਸੰਚਾਲਿਤ ਰਾਸ਼ਟਰੀ ਅੰਦੋਲਨ ਬਣਾਇਆ। ਸਰਕਾਰ ਨੇ ਜੀ-20 ਨੂੰ ਸਕੂਲਾਂ, ਉੱਚ ਸਿੱਖਿਆ ਅਤੇ ਹੁਨਰ ਵਿਕਾਸ ਸੰਸਥਾਵਾਂ ਵਿੱਚ 5 ਕਰੋੜ ਵਿਦਿਆਰਥੀਆਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੇ ਨੌਜਵਾਨ ਦ੍ਰਿੜ ਸੰਕਲਪ ਰੱਖਦੇ ਹਨ, ਤਾਂ 2047 ਤੱਕ ਭਾਰਤ ਨੂੰ ਵਿਕਸਤ ਅਤੇ ਆਤਮਨਿਰਭਰ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੂਰੀ ਦੁਨੀਆ ਭਾਰਤ ਵੱਲ ਉਮੀਦ ਨਾਲ ਦੇਖ ਰਹੀ ਹੈ ਅਤੇ ਹੁਣ ਭਾਰਤ ਅਤੇ ਇਸ ਦੇ ਨੌਜਵਾਨਾਂ ਦੀ ਸਮਰੱਥਾ ਨੂੰ ਪਛਾਣਿਆ ਜਾ ਰਿਹਾ ਹੈ। ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵੀ ਮੌਜੂਦ ਸਨ।