ਖੇਤੀਬਾੜੀ ਵਿਭਾਗ ਨੇ ਸਰਕਲ ਦੌਣਕਲਾਂ ਦੇ ਕਿਸਾਨਾਂ ਨੂੰ ਕੀਤਾ ਜਾਗਰੂਕ
ਪਟਿਆਲਾ, 28 ਸਤੰਬਰ 2023 : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਪਟਿਆਲਾ ਡਾ. ਇਸ਼ਮਤ ਵਿਜੈ ਸਿੰਘ ਦੀ ਅਗਵਾਈ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਬਲਾਕ ਖੇਤੀਬਾੜੀ ਅਫ਼ਸਰ ਅਵਨਿੰਦਰ ਸਿੰਘ ਮਾਨ ਵੱਲੋਂ ਬਲਾਕ ਪਟਿਆਲਾ ਦੇ ਪਿੰਡਾਂ ਸ਼ੰਕਰਪੁਰ, ਭੱਠਲਾ, ਦੌਣਕਲਾਂ, ਰਸੂਲਪੁਰਾ ਜੋੜਾ ਅਤੇ ਰਾਏਪੁਰ ਮੰਡਲਾਂ ਦੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ, ਝੋਨੇ ਦੀ ਸਿੱਧੀ ਬਿਜਾਈ, ਫ਼ਸਲੀ ਵਿਭਿੰਨਤਾ ਅਤੇ ਕਣਕ ਦੀ ਬਿਜਾਈ ਸਬੰਧੀ ਜਾਗਰੂਕਤਾ ਕੈਂਪ ਰਾਹੀ ਜਾਗਰੂਕ ਕੀਤਾ ਗਿਆ।
ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਪਿੰਡ ਸ਼ੰਕਰਪੁਰ ਵਿਖੇ ਬੱਸ ਰਾਹੀ ਲਿਆਂਦੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ, ਮਿੱਤਰ ਕੀੜੇ ਬਚਾਉਣ ਅਤੇ ਖਾਦਾਂ ਦੀ ਵਰਤੋਂ ਘਟਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਉਪਰੰਤ ਇਨ੍ਹਾਂ ਪਿੰਡਾਂ ਦੇ ਲਗਭਗ 70 ਕਿਸਾਨਾਂ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਨਾਭਾ ਵਿਖੇ ਐਕਸਪੋਜਰ ਵਿਜਿਟ ਵੀ ਕਰਵਾਈ ਗਈ, ਜਿੱਥੇ ਕਿਸਾਨਾਂ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦੇਖੀਆਂ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਕੋਲ ਹਾੜ੍ਹੀ ਦੀਆਂ ਫ਼ਸਲਾਂ ਦੀ ਤਕਨੀਕੀ ਜਾਣਕਾਰੀ ਪ੍ਰਾਪਤ ਕੀਤੀ। ਇਸ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਪਿੰਡ ਦੌਣ ਕਲਾਂ ਦੇ ਕਿਸਾਨ ਲਾਭ ਸਿੰਘ, ਪਿੰਡ ਭੱਠਲਾ ਦੇ ਕਿਸਾਨ ਸੁਖਚੈਨ ਸਿੰਘ ਅਤੇ ਪਿੰਡ ਰਾਏਪੁਰ ਮੰਡਲਾਂ ਦੇ ਕਿਸਾਨ ਹਰਦੀਪ ਸਿੰਘ ਨੂੰ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਜੀ ਵੱਲੋਂ ਖੇਤੀਬਾੜੀ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾਉਣ ਲਈ ਪ੍ਰਸੰਸਾ ਪੱਤਰ ਦਿੱਤੇ ਗਏ।
ਡਾ. ਰਵਿੰਦਰਪਾਲ ਸਿੰਘ ਚੱਠਾ ਨੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੀ ਪੀ.ਐਮ.ਕਿਸਾਨ ਨਿਧੀ ਸਕੀਮ ਤਹਿਤ ਕਿਸ਼ਤ ਬੰਦ ਹੋ ਚੁੱਕੀ ਹੈ, ਉਹਨਾਂ ਨੂੰ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਅਤੇ ਕਿਸਾਨ ਹਰਦੀਪ ਸਿੰਘ, ਸੁਖਚੈਨ ਸਿੰਘ, ਅਮੀਰ ਸਿੰਘ, ਰਣਜੀਤ ਸਿੰਘ, ਮਨਜਿੰਦਰ ਸਿੰਘ ਵਾਹਲਾਂ, ਪਰਮਿੰਦਰ ਸਿੰਘ, ਜੀਤ ਸਿੰਘ ਦਾ ਕਿਸਾਨਾਂ ਨੂੰ ਇਕੱਤਰ ਕਰਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਕੈਂਪ ਵਿਚ ਖੇਤੀਬਾੜੀ ਵਿਭਾਗ ਦੇ ਏ.ਟੀ.ਐਮ. ਕਮਲਦੀਪ ਸਿੰਘ ਅਤੇ ਗੁਰਦੀਪ ਸਿੰਘ ਨੇ ਭਾਗ ਲਿਆ।