ਸ਼ਹੀਦ ਭਗਤ ਦੇ ਜਨਮ ਦਿਨ ਮੌਕੇ ਨਸ਼ਿਆਂ ਦੇ ਖਾਤਮੇ ਲਈ ਫੈਸਲਾਕੁੰਨ ਲੜਾਈ ਦਾ ਪ੍ਰਣ
ਅਸ਼ੋਕ ਵਰਮਾ
ਮਾਨਸਾ 28 ਸਤੰਬਰ2023:ਨਸ਼ਾ ਵਿਰੋਧੀ ਐਕਸ਼ਨ ਕਮੇਟੀ ਵੱਲ੍ਹੋ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲੈਂਦਿਆਂ ਸੂਬੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਹਕੂਮਤਾਂ ਤੋਂ ਝਾਕ ਛੱਡਦਿਆਂ ਖੁਦ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਅੱਗੇ ਆਉਣ। ਅੱਜ ਬਾਲ ਭਵਨ ਦੇ ਪੱਕੇ ਮੋਰਚੇ ਤੋਂ ਲੈ ਕੇ ਗੁਰਦੁਆਰਾ ਬਾਗ ਵਾਲਾ ਕੋਲ ਲੱਗੇ ਬੁੱਤ 'ਤੇ ਸੈਂਕੜਿਆਂ ਦੀ ਗਿਣਤੀ ਚ ਲੋਕਾਂ ਨੇ ਪ੍ਰਣ ਲੈਂਦਿਆਂ ਕਿਹਾ ਕਿ ਨਸ਼ਿਆਂ ਵਿਰੁੱਧ ਮਾਨਸਾ ਤੋ ਸ਼ੁਰੂ ਹੋਈ ਇਹ ਲੋਕ ਲਹਿਰ ਹੁਣ ਪੰਜਾਬ ਚ ਨਸ਼ਿਆਂ ਦੇ ਖਾਤਮੇ ਤੋਂ ਬਾਅਦ ਹੀ ਰੁਕੇਗੀ।
ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾ.ਰਾਜਵਿੰਦਰ ਸਿੰਘ ਰਾਣਾ, ਐਂਟੀ ਡਰੱਗ ਫੋਰਸ ਕਮੇਟੀ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਵੱਲ੍ਹੋ ਹਾਈਕੋਰਟ ਨੂੰ ਨਸ਼ਿਆਂ ਬਾਰੇ ਸੀਲ ਬੰਦ ਰਿਪੋਰਟਾਂ ਖੋਲ੍ਹਣ ਤੇ ਕਾਰਵਾਈ ਕਰਨ ਤੋ ਇਲਾਵਾ ਪੰਜਾਬ ਸਰਕਾਰ ਨੂੰ ਸੂਬੇ ਭਰ ਚ ਨਸ਼ਿਆਂ ਕਾਰਨ ਹੋਈ ਮੌਤ ਲਈ ਸਬੰਧਤ ਇਲਾਕੇ ਦੇ ਪੁਲੀਸ ਅਫ਼ਸਰਾਂ ਦੀ ਜ਼ਿੰਮੇਵਾਰੀ ਤਹਿ ,ਡਰੱਗ ਮਨੀ ਨਾਲ ਬਣਾਈਆਂ ਅਫ਼ਸਰਾਂ ਅਤੇ ਡਰੱਗ ਮਾਫੀਏ ਦੀਆਂ ਜਾਇਦਾਦਾਂ ਜ਼ਬਤ ਕਰਨ ਅਤੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਕਜੁਟਤਾ ਦੇ ਪਹਿਰੇ ਨਾਲ ਹੁਣ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਦੀ ਲਹਿਰ ਨੇ ਨਸ਼ਿਆਂ ਦਾ ਖਾਤਮਾ ਕਰਨਾ ਹੈ,ਜੇਕਰ ਸਮੇਂ ਦੇ ਹਾਕਮ ਗੰਭੀਰ ਹੁੰਦੇ ਤਾਂ ਨਿੱਤ ਦਿਨ ਪੰਜਾਬ ਦੀ ਧਰਤੀ 'ਤੇ ਸੋਨੇ ਵਰਗੇ ਗੱਭਰੂਆਂ ਦੇ ਸੱਥਰ ਨਾ ਵਿਛਦੇ।ਅੱਜ ਦੇ ਮਾਰਚ ਦੌਰਾਨ 2019 ਵਿੱਚ ਖਰੜ 'ਚ ਨਸ਼ਾ ਤਸਕਰ ਮਾਫੀਏ ਵੱਲ੍ਹੋ ਕਤਲ ਕਰਵਾਈ ਗਈ ਜ਼ੋਨਲ ਡਰੱਗ ਲਾਇਸੈਂਸਿੰਗ ਅਥਾਰਟੀ ਦੀ ਮੁਖੀ ਨੇਹਾ ਸ਼ੋਰੀ ਦੇ ਪਿਤਾ ਕੈਲਾਸ਼ ਸ਼ੋਰੀ,ਮਾਤਾ ਅਰਨ ਸ਼ੋਰੀ,ਨਸ਼ਿਆਂ ਦੇ ਕਾਲੇ ਕਾਰੋਬਾਰ ਖਿਲਾਫ ਲਗਾਤਾਰ ਆਵਾਜ਼ ਉਠਾਉਣ ਵਾਲੇ ਸਾਬਕਾ ਡੀ.ਐੱਸ. ਪੀ. ਬਲਵਿੰਦਰ ਸਿੰਘ ਸੇਖੋਂ, ਪ੍ਰਸਿੱਧ ਫੋਟੋ ਜਰਨਲਿਸਟ ਦੇਵਿੰਦਰ ਪਾਲ ਅਤੇ ਰੰਗਕਰਮੀ ਮਨਜੀਤ ਕੌਰ ਔਲਖ ਨੇ ਵਿਸ਼ੇਸ਼ ਸ਼ਿਰਕਤ ਕੀਤੀ।
ਇਨਾਂ ਸ਼ਖਸ਼ੀਅਤਾਂ ਨੇ ਕਿਹਾ ਕਿ ਜੇਕਰ ਨਿੱਤ ਦਿਨ ਆਪਣੇ ਧੀਆਂ-ਪੁੱਤਰਾਂ ਨੂੰ ਲਾਸ਼ਾਂ ਚ ਤਬਦੀਲ ਹੋਣ ਦੇ ਦਰਦਨਾਕ ਵਰਤਾਰੇ ਨੂੰ ਰੋਕਣਾ ਹੈ ਤਾਂ ਸਾਨੂੰ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦੇਣ ਨੂੰ ਤਿਆਰ ਰਹਿਣ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸੋਨੇ ਵਰਗੇ ਪੁੱਤ ਹੀ ਨਾ ਰਹੇ ਤਾਂ ਆਪਣੀਆਂ ਜ਼ਿੰਦੜੀਆ, ਜਾਇਦਾਦਾਂ ਵੀ ਕਿਸੇ ਕੰਮ ਨੀ ਆਉਣੀਆਂ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸਮੇਤ ਵੱਖ-ਵੱਖ ਸੰਸਥਾਵਾਂ ਵਲੋਂ ਨਸ਼ਿਆਂ ਵਰਗੇ ਅਹਿਮ ਤੇ ਨਾਜ਼ੁਕ ਸਮਾਜਿਕ ਮੁੱਦੇ 'ਤੇ ਸੰਘਰਸ਼ ਛੇੜਨ ਅਤੇ ਜੇਲ੍ਹ ਯਾਤਰਾ ਕਰਨ ਬਦਲੇ ਪਰਵਿੰਦਰ ਸਿੰਘ ਝੋਟਾ ਦਾ ਵਿਸ਼ੇਸ਼ ਸਨਮਾਨਤ ਵੀ ਕੀਤਾ ਗਿਆ।ਬਾਲ ਭਵਨ ਵਿੱਚ ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਦੀਆਂ ਕਵਿਸ਼ਰ ਲੜਕੀਆਂ ਨੇ ਤਕੜੇ ਹੋਵੋ ਘੇਰੋ ਪਾਪੀ ਵੀਰੋ ਬਣਕੇ ਝੋਟੇ ਵੇ ਕਵਿਸ਼ਰੀ ਪੇਸ਼ ਕੀਤੀ।
ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ,ਰੁਪਿੰਦਰ ਸਿੰਘ,ਕਾਮਰੇਡ ਨਛੱਤਰ ਸਿੰਘ ਖੀਵਾ, ਜਥੇਦਾਰ ਜਸਵੰਤ ਸਿੰਘ ਜਵਾਹਰਕੇ,ਦਰਸ਼ਨ ਸਿੰਘ,ਹਰਬੰਸ ਸਿੰਘ ਮਾਨਸਾ, ਗਿਆਨੀ ਦਰਸ਼ਨ ਸਿੰਘ ਕੋਟਫੱਤਾ, ਭਾਈ ਗੁਰਸੇਵਕ ਸਿੰਘ ਜਵਾਹਰਕੇ ਮੱਖਣ ਸਿੰਘ ਭੈਣੀ ਬਾਘਾ ਅਤੇ ਗਗਨਦੀਪ ਸਿੰਘ ਸ਼ਰਮਾ ਨੇ ਸੰਬੋਧਨ ਕਰਦਿਆਂ ਸਮੂਹ ਸਮਾਜਿਕ ਸੰਗਠਨਾਂ ਅਤੇ ਸਮਾਜ ਦੇ ਹਰ ਵਰਗ ਨੂੰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਰੁੱਧ ਵਿਢੀ ਜੰਗ ਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ।