Caste Census Report: ਜਾਤੀ ਅਧਾਰਿਤ ਆਬਾਦੀ ਦੇ ਅੰਕੜੇ ਬਿਹਾਰ ਸਰਕਾਰ ਵਲੋਂ ਜਾਰੀ, ਸਭ ਤੋਂ ਵੱਧ ਗਿਣਤੀ ਬੀ.ਸੀ ਤੇ ਓਬੀਸੀ
ਨਵੀਂ ਦਿੱਲੀ, 2 ਅਕਤੂਬਰ 2023- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਨੇ ਰਾਜ ਵਿੱਚ ਜਾਤੀ ਸਰਵੇਖਣ ਦੇ ਅਧਾਰ 'ਤੇ ਜਨਗਣਨਾ ਰਿਪੋਰਟ ਨੂੰ ਜਨਤਕ ਕਰ ਦਿੱਤਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਮੁੱਖ ਸਕੱਤਰ ਦੀ ਤਰਫੋਂ ਜਾਤੀ ਅਧਾਰਤ ਜਨਗਣਨਾ 2022 ਦੀ ਕਿਤਾਬਚਾ ਜਾਰੀ ਕਰਨ ਤੋਂ ਬਾਅਦ ਸਰਵੇਖਣ ਟੀਮ ਨੂੰ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਬਿਹਾਰ ਵਿਧਾਨ ਸਭਾ ਵਿੱਚ 9 ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਸੂਬੇ ਵਿੱਚ ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। 2 ਜੂਨ, 2022 ਨੂੰ ਮੰਤਰੀ ਮੰਡਲ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ, ਰਾਜ ਸਰਕਾਰ ਨੇ ਆਪਣੇ ਸਰੋਤਾਂ ਨਾਲ ਜਾਤੀ ਅਧਾਰਤ ਜਨਗਣਨਾ ਕਰਵਾਈ ਹੈ। ਸੂਬਾ ਸਰਕਾਰ ਨੇ ਸੋਮਵਾਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਇਹ ਰਿਪੋਰਟ ਜਨਤਕ ਕੀਤੀ ਹੈ।
ਇਸ ਰਿਪੋਰਟ ਮੁਤਾਬਕ ਬਿਹਾਰ ਦੀ ਕੁੱਲ ਆਬਾਦੀ 13,07,25,310 ਵਿੱਚੋਂ 27.13 ਫੀਸਦੀ ਯਾਨੀ 3,54,63,936 BC ਸ਼੍ਰੇਣੀਆਂ ਨਾਲ ਸਬੰਧਤ ਹਨ। 4,70,80,514 ਲੋਕ ਅਤਿ ਪੱਛੜਿਆ ਵਰਗ (Most Backward Class) ਨਾਲ ਸਬੰਧਤ ਹਨ, ਜੋ ਕੁੱਲ ਆਬਾਦੀ ਦਾ 36.01 ਫੀਸਦੀ ਬਣਦਾ ਹੈ।
ਇਸ ਤੋਂ ਇਲਾਵਾ ਕੁੱਲ ਆਬਾਦੀ ਦਾ 15.52 ਫੀਸਦੀ ਭਾਵ 4,70,80,514 ਲੋਕ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਅਧੀਨ ਆਉਂਦੇ ਹਨ। 2,56,89,820 ਲੋਕ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ, ਅਨੁਸੂਚਿਤ ਜਨਜਾਤੀ ਦੀ ਆਬਾਦੀ ਵੀ 21,99,361 ਹੈ, ਜਦੋਂ ਕਿ 2,02,91,679 ਲੋਕ ਗੈਰ-ਰਾਖਵੇਂ ਹਨ। ਇਸ ਤੋਂ ਇਲਾਵਾ ਰਾਜ ਵਿੱਚ 82% ਹਿੰਦੂ ਅਤੇ 17.7% ਮੁਸਲਮਾਨ ਹਨ 05% ਲੋਕ ਈਸਾਈ ਹਨ, 08% ਬੁੱਧ ਧਰਮ ਨੂੰ ਮੰਨਦੇ ਹਨ ਅਤੇ 0016% ਕਿਸੇ ਵਿਸ਼ੇਸ਼ ਧਰਮ ਨਾਲ ਸਬੰਧਤ ਨਹੀਂ ਹਨ।