← ਪਿਛੇ ਪਰਤੋ
ਰਾਮ ਰਹੀਮ ਢੋਲ ਦੇ ਡੱਗੇ ਦੀ ਥਾਪ ਨਾਲ ਮਨਾਉਣਗੇ ਸ਼ਾਹ ਮਸਤਾਨਾ ਦਾ ਜਨਮ ਦਿਨ
ਅਸ਼ੋਕ ਵਰਮਾ
ਚੰਡੀਗੜ੍ਹ,20 ਨਵੰਬਰ 2023: ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਇਸ ਵਾਰ ਡੇਰੇ ਦੀ ਸਥਾਪਨਾ ਕਰਨ ਵਾਲੇ ਪਹਿਲੇ ਮੁਖੀ ਸ਼ਾਹ ਮਸਤਾਨਾ ਦਾ ਜਨਮ ਦਿਨ ਪੂਰੀ ਧੂਮਧਾਮ ਨਾਲ ਮਨਾਉਣਗੇ। ਰਾਮ ਰਹੀਮ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਹਨ। ਡੇਰਾ ਮੁਖੀ ਵੱਲੋਂ ਫਰਲ੍ਹੋ ਹਾਸਲ ਕਰਨ ਲਈ ਸੁਨਾਰੀਆ ਜੇਲ੍ਹ ਪ੍ਰਸ਼ਾਸ਼ਨ ਨੂੰ ਅਰਜੀ ਦਿੱਤੀ ਗਈ ਸੀ ਜਿਸ ਨੂੰ ਮਨਜੂਰ ਕਰ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਰਾਮ ਰਹੀਮ ਤਿੰਨ ਹਫਤਿਆਂ ਲਈ ਜੇਲ੍ਹ ਤੋਂ ਬਾਹਰ ਆ ਸਕਦੇ ਹਨ। ਡੇਰਾ ਮੁਖੀ ਦੇ ਸਿਰਸਾ ਡੇਰੇ ’ਚ ਆਉਣ ਦੀ ਸੰਭਾਵਨਾ ਨਹੀਂ ਬਲਕਿ ਐਤਕੀਂ ਵੀ ਯੂਪੀ ਦੇ ਬਰਨਾਵਾ ਆਸ਼ਰਮ ਰੁਕਣਗੇ। ਸ਼ਾਹ ਮਸਤਾਨਾ ਦਾ 132ਵਾਂ ਜਨਮ ਦਿਨ ਅਗਾਮੀ 27 ਨਵੰਬਰ ਨੂੰ ਹੈ ਜਿਸ ਨੂੰ ਮਨਾਉਣ ਲਈ ਡੇਰਾ ਪ੍ਰਬੰਧਕਾਂ ਵੱਲੋਂ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਪੂਰੇ ਨਵੰਬਰ ਮਹੀਨੇ ਨੂੰ ਡੇਰਾ ਪ੍ਰੇਮੀਆਂ ਵੱਲੋਂ ਦੇਸ਼ ਦੇ ਵੱਖ ਵੱਖ ਡੇਰਿਆਂ ਵਿੱਚ ਪੂਰੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿ ਐਤਵਾਰ 19 ਨਵੰਬਰ ਨੂੰ ਡੇਰਾ ਸੱਚਾ ਸੌਦਾ ਦੇ ਪੰਜਾਬ ਵਿਚਲੇ ਸਭ ਤੋਂ ਵੱਡੇ ਡੇਰੇ ਸਲਾਬਤਪੁਰਾ ਵਿਖੇ ਕਾਫੀ ਉਤਸ਼ਾਹਪੂਰਵਕ ਮਨਾਇਆ ਗਿਆ ਫਰਲ੍ਹੋ ਦੀ ਖਬਰ ਆਉਂਦਿਆਂ ਹੀ ਡੇਰਾ ਪੈਰੋਕਾਰਾਂ ਵਿੱਚ ਕਾਫੀ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਡੇਰਾ ਮੁਖੀ ਆਪਣੀ ਹਰ ਪੈਰੋਲ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਬਰਨਾਵਾ ਡੇਰੇ ਵਿੱਚ ਰੁਕੇ ਹਨ ਜਿਸ ਦੀ ਐਤਕੀਂ ਵੀ ਸਜ਼ਾਵਟ ਵਗੈਰਾ ਕੀਤੀ ਜਾ ਰਹੀ ਹੈ। ਸਲਾਬਤਪੁਰਾ ਵਿੱਚ ਅਰਦਾਸ ਡੇਰਾ ਸਲਾਬਤਪੁਰਾ ਵਿਖੇ ਜਨਮ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਡੇਰਾ ਪੈਰੋਕਾਰਾਂ ਵੱਲੋਂ ਰਾਮ ਰਹੀਮ ਦੇ ਪੱਕੇ ਤੌਰ ਤੇ ਬਾਹਰ ਆਉਣ ਲਈ ਅਰਦਾਸ ਕੀਤੀ ਗਈ ਸੀ। ਉਂਜ ਵੀ ਡੇਰਾ ਪੈਰੋਕਾਰ ਹਰ ਸਮਾਗਮ ਦੌਰਾਨ ਇਹ ਅਰਦਾਸ ਕਰਦੇ ਆ ਰਹੇ ਹਨ। ਹਾਲਾਂਕਿ ਪੱਕੇ ਤੌਰ ਤੇ ਰਿਹਾਈ ਦਾ ਮਾਮਲਾ ਕਾਨੂੰਨੀ ਹੈ ਪਰ ਡੇਰਾ ਸ਼ਰਧਾਲੂਆਂ ਨੇ ਇਸ ਮਹੀਨੇ ਫਰਲ੍ਹੋ ਮਿਲਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸਰਗਰਮੀਆਂ ਸੀਮਤ ਕੀਤੀਆਂ ਡੇਰਾ ਸੱਚਾ ਸੌਦਾ ਦੇ ਮੁਖੀ ਜੇਲ੍ਹ ਤੋਂ ਬਾਹਰ ਆਕੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਰਨਾਵਾ ਨੂੰ ਆਪਣਾ ਟਿਕਾਣਾ ਬਣਾਉਂਦੇ ਆ ਰਹੇ ਹਨ। ਪਿਛਲੀ ਵਾਰ ਦੀ ਪੈਰੋਲ ਮਿਲਣ ਤੋਂ ਬਾਅਦ ਡੇਰਾ ਸਿਰਸਾ ਮੁਖੀ ਨੇ ਆਪਣੀਆਂ ਸਰਗਰਮੀਆਂ ਕਾਫੀ ਸੀਮਤ ਕੀਤੀਆਂ ਹੋਈਆਂ ਹਨ। ਪਿਛਲੀ ਵਾਰ ਤਾਂ ਸਿਵਾਏ ਵੱਡੇ ਪ੍ਰੋਗਰਾਮ ਨੂੰ ਛੱਡਕੇ ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਜਨਤਕ ਤੌਰ ਆਨਲਾਈਨ ਹੋ ਕੇ ਇੱਕ ਵਾਰ ਵੀ ਸੰਬੋਧਨ ਨਹੀਂ ਕੀਤਾ ਸੀ ਜਦੋਂਕਿ ਪਹਿਲਾਂ ਆਨਲਾਈਨ ਪਲੇਟਫਾਰਮਾਂ ਰਾਹੀਂ ਰੋਜਾਨਾ ਪ੍ਰੋਗਰਾਮ ਕੀਤੇ ਜਾਂਦੇ ਰਹੇ ਹਨ। ਇੰਨ੍ਹਾਂ ਪ੍ਰੋਗਰਾਮਾਂ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਿੱਸਾ ਲੈਂਦੇ ਸਨ। ਇਸ ਵਾਰ ਕੀ ਪ੍ਰੋਗਰਾਮ ਬਣਦਾ ਹੈ ਇਸ ਤੇ ਡੇਰਾ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕਦੋਂ ਕਦੋਂ ਬਾਰ ਆਏ ਡੇਰਾ ਮੁਖੀ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਪਹਿਲੀ ਵਾਰ 17 ਜੂਨ 2021 ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਬਰਨਾਵਾ ਡੇਰੇ ਵਿੱਚ ਰਹਿਣ ਤੋਂ ਬਾਅਦ ਉਹ 18 ਜੁਲਾਈ ਨੂੰ ਸੁਨਾਰੀਆ ਜੇਲ੍ਹ ਵਾਪਸੀ ਕੀਤੀ। ਇਸੇ ਤਰ੍ਹਾਂ ਹੀ 15 ਅਕਤੂਬਰ 2021 ਨੂੰ 88 ਦਿਨਾਂ ਬਾਅਦ ਦੂਜੀ ਵਾਰ ਪੈਰੋਲ ਮਿਲੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ 25 ਨਵੰਬਰ ਨੂੰ ਉਹ ਵਾਪਸ ਸੁਨਾਰੀਆ ਜੇਲ੍ਹ ਚਲੇ ਗਏ। ਸਾਲ 2023 ਦੀ 21 ਜਨਵਰੀ ਨੂੰ ਰਾਮ ਰਹੀਮ ਤੀਸਰੀ ਵਾਰ 40 ਦਿਨਾਂ ਦੀ ਪੈਰੋਲ ’ਤੇ ਬਰਨਾਵਾ ਆਸ਼ਰਮ ਆਇਆ ਅਤੇ 3 ਮਾਰਚ ਨੂੰ ਪੈਰੋਲ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਜੇਲ੍ਹ ਵਾਪਸੀ ਕੀਤੀ ਸੀ। ਇਸੇ ਸਾਲ 10 ਜੁਲਾਈ ਨੂੰ ਡੇਰਾ ਮੁਖੀ ਨੂੰ ਹਰਿਆਣਾ ਦੇ ਜੇਲ੍ਹ ਵਿਭਾਗ ਨੇ 30 ਦਿਨ ਦੀ ਪੈਰੋਲ ਦਿੱਤੀ ਸੀ। ਦੱਸਣਯੋਗ ਹੈ ਕਿ ਡੇਰਾ ਸਿਰਸਾ ਸਿਰਸਾ ਮੁਖੀ ਨੂੰ ਇੱਕ ਵਾਰ 20 ਦਿਨ ਦੀ ਫਰਲ੍ਹੋ ਵੀ ਮਿਲ ਚੁੱਕੀ ਹੈ ਅਤੇ ਇਹ ਦੂਸਰੀ ਵਾਰ ਮਿਲੀ ਫਰਲ੍ਹੋ ਹੈ।
Total Responses : 179