← ਪਿਛੇ ਪਰਤੋ
ਫਿਲਮੀ ਸਟਾਈਲ 'ਚ ਗੱਡੀ ਖੋਹ ਕੇ ਭੱਜੇ ਲੁਟੇਰੇ' ਪਿੱਛਾ ਕਰਦੀ ਪੁਲਿਸ ਪਹੁੰਚੀ ਚੰਡੀਗੜ੍ਹ ਲੁਟੇਰਿਆਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਕੁਲਵਿੰਦਰ ਸਿੰਘ ਅੰਮ੍ਰਿਤਸਰ, 27 ਨਵੰਬਰ, 2023: ਲੁਟੇਰਿਆਂ ਵੱਲੋਂ ਫਿਲਮੀ ਸਟਾਈਲ ਵਿੱਚ ਗੱਡੀ ਦੀ ਖੋਹ ਕਰਨ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਲੁਟੇਰਿਆਂ ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਪੁੱਜੀ। ਦਰਅਸਲ ਬੀਤੇ ਸ਼ਨੀਵਾਰ ਰਾਤ ਡਾਕਟਰ ਤਰੁਣ ਬੇਰੀ ਕੋਲੋਂ ਕੁਝ ਲੁਟੇਰਿਆਂ ਵੱਲੋਂ ਅੰਮ੍ਰਿਤਸਰ ਮਜੀਠਾ ਰੋਡ ਥਾਣੇ ਦੇ ਇਲਾਕੇ ਵਿੱਚੋਂ ਪਿਸਤੋਲ ਦੀ ਨੋਕ ’ਤੇ ਗੱਡੀ ਦੀ ਖੋਹ ਕੀਤੀ ਗਈ ਸੀ। ਜਿਸ ਬਾਬਤ ਮੁਦਈ ਦੀ ਸ਼ਿਕਾਇਤ ’ਤੇ ਥਾਣਾ ਮਜੀਠਾ ਰੋਡ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ ਦੀ ਸੂਚਨਾ ਮਿਲਦੇ ਹੀ ਨਵ ਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨਾਲ ਇੱਕ ਟੀਮ ਦਾ ਗਠਨ ਕੀਤਾ ਗਿਆ ਕਰਕੇ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਲੁਟੇਰਿਆਂ ਵੱਲੋ ਪਹਿਲਾਂ ਬਿਆਸ ਬੈਰੀਕੇਡ ਤੋੜਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਪਿੱਛੇ ਆਉਂਦੀ ਵੇਖ ਲੁਟੇਰਿਆ ਵਲੋੱ ਗੱਡੀ ਪਿੰਡਾਂ ਦੇ ਅੰਦਰੂਨੀ ਰਸਤਿਆਂ ਵਿੱਚ ਪਾ ਲਈ ਗਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਗਠਨ ਕੀਤੀ ਗਈ ਟੀਮ ਵੱਲੋਂ ਇਹਨਾਂ ਲੁਟੇਰਿਆਂ ਦਾ ਪਿੱਛਾ ਕਰਨਾ ਨਹੀਂ ਛੱਡਿਆ ਗਿਆ ਅਤੇ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਲੋਕ ਰੋਪੜ ਰਾਹੀਂ ਚੰਡੀਗੜ੍ਹ ਜਾ ਰਹੇ ਹਨ। ਚੰਡੀਗੜ੍ਹ ਨਜ਼ਦੀਕ ਬਲੌਂਗੀ ਇਲਾਕੇ ਵਿੱਚ ਅੰਮ੍ਰਿਤਸਰ ਅਤੇ ਸਥਾਨਕ ਪੁਲਿਸ ਵੱਲੋਂ ਇਨਾਂ ਲੁਟੇਰਿਆਂ ਨੂੰ ਘੇਰ ਲਿਆ ਗਿਆ। ਆਪਣੇ ਆਪ ਨੂੰ ਘਿਰਿਆ ਦੇਖ ਕੇ ਇਹਨਾਂ ਲੁਟੇਰਿਆਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਵੀ ਕੀਤੀ ਗਈ। ਇਸ ਦੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਚਾਰ ਲੁਟੇਰਿਆਂ ਵੱਲੋਂ ਇਹ ਕਾਰ ਪਿਸਤੌਲ ਦੀ ਨੋਕ ’ਤੇ ਖੋਹੀ ਗਈ ਸੀ ਜਿਸ ਬਾਬਤ ਥਾਣਾ ਮਜੀਠਾ ਰੋਡ ਪੁਲਿਸ ਵੱਲੋਂ ਧਾਰਾ 379 -ਬੀ ਅਤੇ ਆਰਮਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨੂੰ ਵਿਸ਼ੇਸ਼ ਤੌਰ ’ਤੇ ਇਹਨਾਂ ਲੁਟੇਰਿਆਂ ਨੂੰ ਫੜਨ ਲਈ ਭੇਜਿਆ ਗਿਆ ਸੀ ਜਦੋਂ ਬਲੌਂਗੀ ਇਲਾਕੇ ਵਿੱਚ ਇਹਨਾਂ ਲੁਟੇਰਿਆਂ ਨੂੰ ਘੇਰਾ ਪਿਆ ਤਾਂ ਏਸੀਪੀ ਖੋਸਾ ਮੁਤਾਬਕ ਇਹਨਾਂ ਵੱਲੋਂ ਪੁਲਿਸ ਉੱਤੇ ਫਾਇਰਿੰਗ ਵੀ ਕੀਤੀ ਗਈ ਹਾਲਾਂਕਿ ਇਸ ਵਿੱਚ ਪੁਲਿਸ ਜਾਂ ਕੋਈ ਹੋਰ ਵਿਅਕਤੀ ਦਾ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀ ਹੈ ਅਤੇ ਲੁਟੇਰੇ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਦੀ ਸੂਚਨਾ ਮੁਤਾਬਕ ਇਹ ਲੁਟੇਰੇ ਉਸ ਇਲਾਕੇ ਦੇ ਆਲੇ ਦੁਆਲੇ ਹੀ ਕਿਤੇ ਪਨਾਹ ਲੈ ਕੇ ਬੈਠੇ ਹੋਏ ਸਨ। ਪਰ ਪੁਲਿਸ ਵੱਲੋਂ ਕਾਫੀ ਭਾਲ ਤੋਂ ਬਾਅਦ ਵੀ ਪੁਲਿਸ ਇਹਨਾਂ ਨੂੰ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ, ਹਾਲਾਂਕਿ ਏਸੀਪੀ ਖੋਸਾ ਮੁਤਾਬਕ ਖੋਹ ਕੀਤੀ ਗਈ ਆਡੀ ਗੱਡੀ ਰਿਕਵਰ ਕਰ ਲਈ ਗਈ ਹੈ ਅਤੇ ਇਸ ਦੇ ਨਾਲ ਹੀ ਬਲੌਂਗੀ ਥਾਣੇ ਵਿੱਚ ਚਾਰ ਅਣਪਛਾਤਿਆਂ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ। ਇਸ ਵਿੱਚ ਮੁੱਖ ਤੌਰ ’ਤੇ ਧਾਰਾ 307 ਅਤੇ ਆਰਮਸ ਐਕਟ ਦੇ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਹੈ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਦੋਂ ਇਹਨਾਂ ਲੁਟੇਰਿਆਂ ਵੱਲੋਂ ਖੋਹ ਕੀਤੀ ਗਈ ਸੀ ਤਾਂ ਇਹਨਾਂ ਦੀ ਗਿਣਤੀ ਚਾਰ ਸੀ ਜਦ ਕਿ ਬਲੌਂਗੀ ਇਲਾਕੇ ਵਿੱਚ ਕਾਰ ਵਿੱਚੋਂ ਨਿਕਲ ਕੇ ਤਿੰਨ ਲੁਟੇਰੇ ਹੀ ਭੱਜਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਦੀ ਤਸਵੀਰ ਉੱਥੇ ਲੱਗੇ ਇੱਕ ਸੀਸੀ ਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਫਿਲਹਾਲ ਏਸੀਪੀ ਵਰਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਚੰਡੀਗੜ੍ਹ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਈ ਹੈ ਜਦ ਕਿ ਰਿਕਵਰ ਕੀਤੀ ਗਈ ਗੱਡੀ ਭਲਕੇ ਅੰਮ੍ਰਿਤਸਰ ਪੁਲਿਸ ਥਾਣੇ ਵਿੱਚ ਲਿਆਂਦੀ ਜਾਵੇਗੀ ਪੁਲਿਸ ਮੁਤਾਬਕ ਲੁਟੇਰਿਆਂ ਦੀ ਭਾਲ ਤਕਨੀਕੀ ਢੰਗ ਦੇ ਨਾਲ ਜਾਰੀ ਹੈ ਅਤੇ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Total Responses : 69