ਧਾਰਮਿਕ ਵਿਚਾਰਾਂ ਨੂੰ ਲੈ ਕੇ ਰੇਡੀਓ ਹੋਸਟ ਹਰਨੇਕ ਸਿੰਘ ਨਿਊਜ਼ੀਲੈਂਡ ਨੂੰ ਮਾਰਨ ਦੀ ਸਾਜ਼ਿਸ਼ ਲਈ ਤਿੰਨ ਨੂੰ ਸਜ਼ਾ
- ਕਤਲ ਦੀ ਕੋਸ਼ਿਸ਼ ਦਾ ਸਭ ਤੋਂ ਗੰਭੀਰ ਮਾਮਲਾ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 28 ਨਵੰਬਰ 2023 - ਨਿਊਜ਼ੀਲੈਂਡ ਦੇ ਵਿਚ ਰੇਡੀਓ ਵਿਰਸਾ ਦੇ ਸੰਚਾਲਕ ਅਤੇ ਪੇਸ਼ਕਾਰ ਹਰਨੇਕ ਸਿੰਘ ਉਤੇ 23 ਦਸੰਬਰ 2020 ਨੂੰ ਉਸ ਵੇਲੇ ਹਮਲਾ ਕਰਕੇ, ਉਸਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਦੋਂ ਉਹ ਰੇਡੀਓ ਪ੍ਰੋਗਰਾਮ ਤੋਂ ਬਾਅਦ ਘਰ ਪਹੁੰਚ ਰਿਹਾ ਸੀ। ਘਰ ਅੰਦਰ ਵੜਨ ਤੋਂ ਪਹਿਲਾਂ ਹੀ ਉਸ ਉਤੇ ਹਮਲਾ ਕਰਕੇ 40 ਵਾਰ ਕੀਤੇ ਗਏ ਪਰ ਕ੍ਰਿਸ਼ਮਈ ਢੰਗ ਨਾਲ ਉਹ ਬਚ ਗਿਆ ਅਤੇ ਹਸਪਤਾਲ ਵਿਖੇ ਲੰਬਾ ਸਮਾਂ ਰਹਿ ਕੇ ਸਿਹਤਯਾਬ ਹੋਇਆ ਸੀ।
ਇਸ ਸਬੰਧੀ ਕੇਸ ਅਦਾਲਚ ਵਿਚ ਪਿਛਲੇ 3 ਸਾਲ ਤੋਂ ਚੱਲ ਰਿਹਾ ਸੀ। ਅੱਜ 6 ਹਫ਼ਤਿਆਂ ਦੀ ਸੁਣਵਾਈ ਤੋਂ ਬਾਅਦ ਇਕ ਵਿਅਕਤੀ ਨੂੰ ਹਰਨੇਕ ਦੇ ਕਤਲ ਦੀ ਕੋਸ਼ਿਸ਼ ਦਾ ਮੁੱਖ ਦੋਸ਼ੀ ਪਾਇਆ ਗਿਆ, ਪਰ ਇਸਦਾ ਨਾਂਅ ਅਜੇ ਵੀ ਗੁਪਤ ਰੱਖਿਆ ਗਿਆ ਹੈ। ਇਸ ਵਿਅਕਤੀ ਨੇ ਭਾਵੇਂ ਹਮਲੇ ਵਿਚ ਸ਼ਮੂਲੀਅਤ ਨਹੀਂ ਕੀਤੀ ਸੀ, ਪਰ ਇਸ ਹਮਲੇ ਪਿੱਛੇ ਉਸਦੇ ਦਿਸ਼ਾ ਨਿਰਦੇਸ਼ ਮੰਨੇ ਗਏ ਹਨ। ਅੱਜ ਜਸਟਿਸ ਮਾਰਕ ਵੂਲਫੋਰਡ ਨੇ ਕਿਹਾ ਕਿ ‘‘ਇਹ ਹੱਤਿਆ ਦੀ ਕੋਸ਼ਿਸ਼ ਦਾ ਸਭ ਤੋਂ ਗੰਭੀਰ ਮਾਮਲਾ ਹੈ।’’ ਦੋਸ਼ੀ ਵਿਅਕਤੀ ਨੂੰ 13 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਘੱਟੋ-ਘੱਟ 9 ਸਾਲ ਸਲਾਖਾਂ ਪਿੱਛੇ ਬਿਤਾਉਣੇ ਪੈਣਗੇ। ਜਸਟਿਸ ਵੂਲਫੋਰਡ ਨੇ ਉਸ ਵਿਅਕਤੀ ਪ੍ਰਤੀ ਕਿਹਾ ਕਿ ‘‘ਇਹ ਸਪੱਸ਼ਟ ਹੈ ਕਿ ਤੁਸੀਂ ਹਮਲੇ ਵਿੱਚ ਸਰੀਰਕ ਤੌਰ ’ਤੇ ਹਿੱਸਾ ਨਹੀਂ ਲਿਆ ਸੀ, ਪਰ ਤੁਸੀਂ ਵੱਡੇ ਹਿੱਸੇ ਦੀ ਜ਼ਿੰਮੇਵਾਰੀ ਲੈਂਦੇ ਰਹੇ ਹੋ...ਤੁਹਾਡੇ ਨਿਰਦੇਸ਼ਾਂ ਤੋਂ ਬਿਨਾਂ, ਹਮਲਾ ਨਹੀਂ ਸੀ ਹੁੰਦਾ।’’
ਇਸ ਤੋਂ ਇਲਾਵਾ ਸੁਖਪ੍ਰੀਤ ਸਿੰਘ (34) ਨੂੰ ਦੋਸ਼ੀਆਂ ਦੀ ਸਹਾਇਤਾ ਕਰਨ ਦਾ ਦੋਸ਼ੀ ਪਾਇਆ ਗਿਆ। ਹਮਲਾ ਕਰਨ ਵਾਲੇ ਦੋ ਦੋਸ਼ੀਆਂ ਜਸਪਾਲ ਸਿੰਘ ਅਤੇ ਸਰਵਜੀਤ ਸਿੱਧੂ ਨੂੰ ਸੁਖਪ੍ਰੀਤ ਸਿੰਘ ਨੇ ਉਨ੍ਹਾਂ ਦਾ ਵਾਹਨ ਜੋ ਹਮਲੇ ਵੇਲੇ ਵਰਤਿਆ ਗਿਆ ਸੀ ਲੁਕਾਉਣ ਅਤੇ ਸਾਫ਼ ਵਸਤਰ ਦੇਣ ਵਿੱਚ ਸਹਾਇਤਾ ਕੀਤੀ ਸੀ। ਸੁਖਪ੍ਰੀਤ ਨੂੰ ਛੇ ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਸੀ।
ਸਰਵਜੀਤ ਸਿੱਧੂ, ਜਿਸ ਨੇ ਮੁਕੱਦਮੇ ਤੋਂ ਇੱਕ ਹਫ਼ਤਾ ਪਹਿਲਾਂ ਹਮਲੇ ਵਿੱਚ ਆਪਣਾ ਹਿੱਸਾ ਕਬੂਲਿਆ ਸੀ, ਨੂੰ 9 ਸਾਲ ਅਤੇ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੋ ਹੋਰ ਵਿਅਕਤੀਆਂ ਜੋਬਨਪ੍ਰੀਤ ਸਿੰਘ ਅਤੇ ਹਰਦੀਪ ਸੰਧੂ ਨੂੰ ਇਸ ਹਮਲੇ ਵਿੱਚ ਹਿੱਸਾ ਲੈਣ ਲਈ ਅਗਲੇ ਸਾਲ ਮਾਰਚ ਵਿਚ ਸਜ਼ਾ ਸੁਣਾਈ ਜਾਵੇਗੀ।
ਬਚਾਅ ਪੱਖ ਨੇ ਅਜੇ ਵੀ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਸਨੇ ਇਹ ਯੋਜਨਾ ਨਹੀਂ ਬਣਾਈ ਸੀ। ਉਸਦੇ ਵਕੀਲ ਨੇ ਕਿਹਾ ਕਿ ਉਸਦੇ ਮੁਵੱਕਲ ਨੇ ਸਾਰਾ ਜੀਵਨ ਧਾਰਮਿਕ ਪਾਸੇ ਲਾਇਆ ਹੈ। ਉਸਨੂੰ ਕੁਝ ਰਿਆਇਤ ਦਿੱਤੀ ਜਾਵੇ। ਅਦਾਲਤ ਨੇ ਪਾਇਆ ਕਿ ਇਹ ਵਿਅਕਤੀ ਕਲਕੱਤਾ ਵਿਖੇ ਪੈਦਾ ਹੋਇਆ ਅਤੇ 10 ਸਾਲ ਦੀ ਉਮਰ ਵਿਚ ਪੰਜਾਬ ਗਿਆ ਅਤੇ ਬੇਘਰ ਸੀ ਕਿਉਂਕਿ ਸਿੱਖਾਂ ਉਤੇ ਹਮਲੇ ਹੋਏ ਸਨ। 15 ਸਾਲ ਦੀ ਉਮਰ ਵਿਚ ਉਹ ਧਾਰਮਿਕ ਅਸਥਾਨਾਂ ਵਿਚ ਸੇਵਾ ਕਰਨ ਲੱਗਾ ਅਤੇ 2002 ਵਿਚ ਨਿਊਜ਼ੀਲੈਂਡ ਆਪਣੀ ਪਤਨੀ ਸਮੇਤ ਆਇਆ।
ਪਰ ਜੱਜ ਸਾਹਿਬ ਨੇ ਕੋਈ ਰਿਆਇਤ ਨਹੀਂ ਦਿੱਤੀ ਸਿਰਫ 6 ਮਹੀਨੇ ਉਹੀ ਘੱਟ ਕੀਤੇ ਜਿੰਨਾ ਚਿਰ ਇਹ ਵਿਅਕਤੀ ਇਲੈਕਟ੍ਰਾਨਿਕ ਡਿਵਾਈਸ ਦੇ ਨਾਲ 6 ਮਹੀਨੇ ਤੱਕ ਦੇਖ-ਰੇਖ (ਜ਼ਮਾਨਤ) ਵਿਚ ਸੀ। ਜਿਸ ਦਿਨ ਹਮਲਾ ਕੀਤਾ ਗਿਆ ਸੀ, ਉਸ ਦਿਨ ਇਸ ਵਿਅਕਤੀ ਵੱਲੋਂ ਜਸਪਾਲ ਅਤੇ ਸਰਵਜੀਤ ਨੂੰ ਇਕ ਥੈਲਾ ਦਿੱਤਾ ਗਿਆ ਜਿਸ ਦੇ ਵਿਚ ਚੋਰੀ ਦੀਆਂ ਨੰਬਰ ਪਲੇਟਾਂ, ਚਾਕੂ ਅਤੇ ਬੈਟ ਸਨ।