ਨੈਸ਼ਨਲ ਹਾਈਵੇ ’ਤੇ ਬਿਆਸ ਦਰਿਆ ਪੁੱਲ ਨੇੜੇ ਦਿਵਿਆਂਗਾਂ ਦਾ ਧਰਨਾ ਜਾਰੀ
ਬਲਰਾਜ ਸਿੰਘ ਰਾਜਾ
ਬਿਆਸ, 2 ਦਸੰਬਰ, 2023: ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵਲੋਂ ਅੱਜ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ’ਤੇ ਸਥਿਤ ਦਰਿਆ ਬਿਆਸ ਨੇੜੇ ਵੱਖ ਵੱਖ ਮੰਗਾਂ ਨੂੰ ਲੈਅ ਕੇ ਧਰਨੇ ਦਾ ਐਲਾਨ ਕੀਤਾ ਗਿਆ ਸੀ।
ਜਿਸ ਤੋਂ ਬਾਅਦ ਅੱਜ ਸਵੇਰੇ ਦਰਿਆ ਬਿਆਸ ਟੀ ਪੁਆਇੰਟ ’ਤੇ ਭਾਰੀ ਪੁਲਿਸ ਬਲ ਤਾਇਨਾਤ ਦਿਖਾਈ ਦਿੱਤਾ। ਇਸ ਦੌਰਾਨ ਦੁਪਹਿਰ ਕਰੀਬ ਸਵਾ ਇੱਕ ਵਜੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਦਿਵਿਆਂਗ ਨੌਜਵਾਨਾਂ,ਬਜ਼ੁਰਗ ਅਤੇ ਔਰਤਾਂ ਵਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਨਾਰੇ ਧਰਨਾ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਦੇਰ ਰਾਤ ਉਨ੍ਹਾਂ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਸਮੇਤ ਹੋਰਨਾਂ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਪੁਲਿਸ ਵਲੋ ਦੇਰ ਰਾਤ ਨਜਰਬੰਦ ਕੀਤੇ ਜਾਣ ਦੇ ਰੋਸ ’ਤੇ ਰਿਹਾਅ ਕਰਨ ਦੀ ਮੰਗ ਕਰਦਿਆਂ ਸੜਕ ਵਿਚਾਲੇ ਧਰਨਾ ਸ਼ੁਰੂ ਕਰ ਦਿੱਤਾ ਗਿਆ।
ਜਿੱਥੇ ਧਰਨਾਕਾਰੀਆਂ ਦੇ ਦਬਾਅ ਹੇਠ ਪੁਲਿਸ ਵਲੋਂ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੂੰ ਛੱਡ ਦਿੱਤਾ ਗਿਆ।
ਬਾਅਦ ਦੁਪਹਿਰ ਧਰਨੇ ਵਿੱਚ ਪੁੱਜੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਜਦੋਂ ਤੱਕ ਪ੍ਰਸ਼ਾਸ਼ਨਿਕ ਅਧਿਕਾਰੀ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਨਹੀਂ ਕਰਵਾਉਂਦੇ ਉਦੋਂ ਤਕ ਬਿਆਸ ਦਰਿਆ ਨੇੜੇ ਉਨ੍ਹਾਂ ਵਲੋਂ ਮੋਰਚੇ ਰੂਪੀ ਪ੍ਰਦਰਸ਼ਨ ਜਾਰੀ ਰਹੇਗਾ।
ਪ੍ਰਧਾਨ ਸੈਣੀ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਗਿਆ ਹੈ ਅਤੇ ਇਸ ਦੌਰਾਨ ਮੀਟਿੰਗ ਸਮੇਂ ਕਿਸੇ ਕੈਬਨਿਟ ਮੰਤਰੀ ਨਾਲ ਮਿਲਵਾ ਦਿੱਤਾ ਜਾਂਦਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਤਕ ਪ੍ਰਸ਼ਾਸ਼ਨ ਵਲੋ ਉਨ੍ਹਾਂ ਦੀਆਂ ਮੰਗਾਂ ਸਬੰਧੀ ਗੱਲਬਾਤ ਕਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਨਹੀਂ ਕਰਵਾਉਂਦਾ ਉਦੋਂ ਤਕ ਧਰਨਾ ਜਾਰੀ ਰਹੇਗਾ।
ਇਸ ਸਬੰਧੀ ਗੱਲਬਾਤ ਕਰਦਿਆਂ ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਵਲੋਂ ਕੀਤੇ ਐਲਾਨ ਅਨੁਸਾਰ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਆਏ ਦਿਵਿਆਂਗ ਲੋਕਾਂ ਵਲੋਂ ਬਿਆਸ ਵਿਖੇ ਧਰਨਾ ਲਗਾ ਕੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜੌ ਕਿ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤੀ ਹੈ।
ਫਿਲਹਾਲ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸੜਕ ਕਿਨਾਰੇ ਤੋਂ ਹਟਾ ਕੇ ਦੋਨੋਂ ਪਾਸੇ ਦੀ ਟ੍ਰੈਫਿਕ ਨੂੰ ਚਾਲੂ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਸੜਕ ਵਿਚਕਾਰ ਬਣੇ ਫੁੱਟਪਾਥ ਜੌ ਕਿ ਕਾਫੀ ਖੁੱਲਾ ਖੇਤਰ ਹੈ, ਉਥੇ ਸ਼ਿਫਟ ਕਰ ਦਿੱਤਾ ਹੈ।