ਰਾਮ ਰਹੀਮ ਵੱਲੋਂ ਪ੍ਰਵਚਨ ਕਰਨ ਦੀ ਚਰਚਾ ਦੌਰਾਨ ਸਲਾਬਤਪੁਰਾ ਪੁੱਜੇ ਐਸਐਸਪੀ
ਅਸ਼ੋਕ ਵਰਮਾ
ਬਠਿੰਡਾ,2ਦਸੰਬਰ2023: ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਅੱਜ ਪੰਜਾਬ ਪੁਲਿਸ ਵੱਲੋਂ ਅਤੀਸੰਵੇਦਨਸ਼ੀਲ ਮੰਨੇ ਜਾਂਦੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੰਜਾਬ ਵਿਚਲੇ ਡੇਰਾ ਸਲਾਬਤਪੁਰਾ ਦੀ ਸੁਰੱਖਿਆ ਦਾ ਜਾਇਜਾ ਲਿਆ ਹੈ। ਸਲਾਬਤਪੁੁਰਾ ਡੇਰੇ ’ਚ ਐਤਵਾਰ ਨੂੰ ਇੱਕ ਅਹਿਮ ਤੇ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਡੇਰਾ ਸਿਰਸਾ ਦੇ ਮੁਖੀ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਬਰਨਾਵਾ ਡੇਰੇ ਤੋਂ ਆਨਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਸਬੰਧੀ ਚਰਚਾ ਅਤੇ ਪੋਸਟਾਂ ਦਾ ਗਾਹ ਪਿਆ ਹੋਇਆ ਹੈ। ਐਸਐਸਪੀ ਇਸ ਸਮਾਗਮ ਦੀਆਂ ਖਬਰਾਂ ਦੇ ਮੱਦੇਨਜ਼ਰ ਅੱਜ ਉਚੇਚੇ ਤੌਰ ਤੇ ਸਲਾਬਤਪੁਰਾ ਡੇਰੇ ਪੁੱਜੇ ’ਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਪਿਛੋਕੜ ਦੌਰਾਨ ਕੀਤੇ ਇੰਤਜਾਮਾਂ ਬਾਰੇ ਵੀ ਜਾਣਕਾਰੀ ਲਈ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਰਾਮਪੁਰਾ ਫੂਲ ਦੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਵੀ ਸਨ। ਜਾਣਕਾਰੀ ਅਨੁਸਾਰ ਐਸਐਸਪੀ ਨੇ ਡੇਰੇ ਦੀ ਕੰਟੀਨ ਅਤੇ ਹੋਰ ਵੱਖ ਵੱਖ ਥਾਵਾਂ ਨੂੰ ਘੁੰਮ ਫਿਰ ਕੇ ਦੇਖਿਆ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੌਰੇ ਨੂੰ ਰੁਟੀਨ ਦੀ ਪ੍ਰਕਿਰਿਆ ਦੱਸਿਆ ਹੈ ਪਰ ਅਚਾਨਕ ਹੋਣ ਜਾ ਰਹੇ ਵੱਡੇ ਸਮਾਗਮ ਕਾਰਨ ਜਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਦੌਰੇ ਨੂੰ ਸੁਰੱਖਿਆ ਦੇ ਪੱਖ ਤੋਂ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਡੇਰਾ ਸੱਚਾ ਸੌਦਾ ਦੇ ਮੁਖੀ ਇੰਨ੍ਹਾਂ ਦਿਨਾਂ ਦੌਰਾਨ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਏ ਹੋਏ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਰਨਾਵਾ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ।
ਡੇਰਾ ਸੱਚਾ ਸੌਦਾ ਸਿਰਸਾ ਨੇ ਐਤਵਾਰ ਤਿੰਨ ਦਸੰਬਰ ਨੂੰ ਆਪਣੇ ਪੰਜਾਬ ਵਿੱਚਲੇ ਆਪਣੇ ਸਭ ਤੋਂ ਵੱਡੇ ਹੈਡਕੁਆਟਰ ਡੇਰਾ ਰਾਜਗੜ੍ਹ ਸਲਾਬਤਪੁਰਾ ਵਿੱਚ ਵੱਡਾ ਇਕੱਠ ਸੱਦਿਆ ਹੈ। ਹਾਲਾਂਕਿ ਵੱਡੇ ਪ੍ਰੋਗਰਾਮ ਕਰਾਉਣਾ ਡੇਰਾ ਸਿਰਸਾ ਲਈ ਕੋਈ ਨਵੀਂ ਗੱਲ ਨਹੀਂ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਦਸੰਬਰਮਹੀਨੇ ਚ ਕੋਈ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੋਵੇ ਉਹ ਵੀ ਇਸ ਤਰਾਂ ਅਚਨਚੇਤ। ਪੰਜਾਬ ਵਿਚਲੇ ਡੇਰਾ ਪੈਰੋਕਾਰਾਂ ਨੂੰ ਇਸ ਸਮਾਗਮ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਅਚਾਨਕ ਬਣੇ ਇਸ ਪ੍ਰੋਗਰਾਮ ਨੂੰ ਦੇਖਦਿਆਂ ਪ੍ਰਬੰਧਕਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੇਰਾ ਪ੍ਰਬੰਧਕਾਂ ਵੱਲੋਂ ਅੱਜ ਵੀ ਸਲਾਬਤਪੁਰਾ ਡੇਰੇ ’ਚ ਆਪਣੇ ਵਲੰਟੀਅਰਾਂ ਦੀ ਮੀਟਿੰਗ ਵੀ ਕੀਤੀ ਗਈ। ਮੀਟਿੰਗ ’ਚ 25 ਹਜ਼ਾਰ ਦੇ ਕਰੀਬ ਸੇਵਾਦਾਰਾਂ ਨੇ ਭਾਗ ਲਿਆ ਜਿਸ ਦੀ ਪੁਸ਼ਟੀ ਪ੍ਰਬੰਧਕਾਂ ਨੇ ਕੀਤੀ ਹੈ।
ਡੇਰਾ ਮੁਖੀ ਵੱਲੋਂ ਐਤਵਾਰ ਦੇ ਸਮਾਗਮ ਨੂੰ ਸੰਬੋਧਨ ਕਰਨ ਦੀ ਖਬਰ ਮਿਲਦਿਆਂ ਹੀ ਡੇਰਾ ਪੈਰੋਕਾਰਾਂ ਨੇ ਸਲਾਬਤਪੁਰਾ ਜਾਣ ਲਈ ਗੱਡੀਆਂ ਅਤੇ ਆਵਾਜਾਈ ਦੇ ਦੂਸਰੇ ਸਾਧਨਾਂ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਪਿੰਡਾਂ ਸ਼ਹਿਰਾਂ ਅਤੇ ਵਿਚਲੇ ਡੇਰਾ ਆਗੂਆਂ ਵੱਲੋਂ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਪੁੱਜਣ ਲਈ ਵੀ ਸੁਨੇਹੇਂ ਲਾਏ ਜਾ ਰਹੇ ਹਨ। ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਸਲਾਬਤਪੁਰਾ ਡੇਰੇ ’ਚ ਲੱਖਾਂ ਦਾ ਇਕੱਠ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਡੇਰੇ ਦੀ ਸੰਗਤ ਦੀ ਭਾਰੀ ਆਮਦ ਕਾਰਨ ਲੰਗਰ ਅਤੇ ਹੋਰ ਖਾਣ ਪੀਣ ਦੇ ਸਮਾਨ ਦੀਆਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਬੰਧਕਾਂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਪੈਣ ਲੱਗੀ ਠੰਢ ਨੂੰ ਦੇਖਦਿਆਂ ਸ਼ਰਧਾਲੂਆਂ ਦੇ ਠਹਿਰਨ ਅਤੇ ਖਾਣ ਪੀਣ ਆਦਿ ਦੇ ਢੁੱਕਵੇਂ ਇੰਤਜਾਮ ਕੀਤੇ ਗਏ ਹਨ।
ਸਮਾਗਮ ਲਈ ਤਿਆਰੀਆਂ ਜਾਰੀ :ਪ੍ਰਬੰਧਕ
ਡੇਰਾ ਸੱਚਾ ਸੌਦਾ ਦੇ ਪ੍ਰਬੰਧਕ ਜੋਰਾ ਸਿੰਘ ਇੰਸਾਂ ਦਾ ਕਹਿਣਾ ਸੀ ਕਿ ਅੱਜ ਐਸਐਸਪੀ ਬਠਿੰਡਾ ਆਏ ਸਨ ਜਿੰਨ੍ਹਾਂ ਨੇ ਕੋਈ ਜਿਆਦਾ ਗੱਲਬਾਤ ਨਹੀਂ ਕੀਤੀ ਬੱਸ ਆਪਣੇ ਤੌਰ ਤੇ ਡੇਰਾ ਕੰਪਲੈਕਸ ਦਾ ਜਾਇਜਾ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤਿੰਨ ਦਸੰਬਰ ਐਤਵਾਰ ਦੇ ਸਮਾਗਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਦਸੰਬਰ ਮਹੀਨੇ ਦੌਰਾਨ ਪਹਿਲੀ ਵਾਰ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਵੱਡਾ ਇਕੱਠ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਸ਼ਾਮਲ ਹੋਣ ਵਾਲੀ ਸਾਧ ਸੰਗਤ ਲਈ ਖਾਣ ਪੀਣ, ਪਾਣੀ ਅਤੇ ਠੰਢ ਤੋਂ ਬਚਾਅ ਦੇ ਨਾਲ ਨਾਲ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ।
ਰੁਟੀਨ ਦਾ ਦੌਰਾ: ਡੀਐਸਪੀ
ਡੀ ਐਸ ਪੀ ਰਾਮਪੁਰਾ ਫੂਲ ਮੋਹਿਤ ਅਗਰਵਾਲ ਦਾ ਕਹਿਣਾ ਸੀ ਕਿ ਐਸਐਸਪੀ ਹਰਮਨਬੀਰ ਸਿੰਘ ਗਿੱਲ ਦੀ ਹੁਣੇ ਨਿਯੁਕਤੀ ਹੋਈ ਹੋਣਕਰਕੇ ਉਹ ਜਿਲ੍ਹੇ ਭਰ ਦਾ ਦੌਰਾ ਕਰ ਰਹੇ ਹਨ। ੳਨ੍ਹਾਂ ਕਿਹਾ ਕਿ ਅੱਜ ਵੀ ਉਨ੍ਹਾਂ ਦਾ ਡੇਰਾ ਸਲਾਬਤਪੁਰਾ ਦਾ ਪ੍ਰੋਗਰਾਮਾ ਇੱਕ ਤਰਾਂ ਨਾਲ ਰੁਟੀਨ ਹੀ ਸੀ ਕੋਈ ਹੋਰ ਗੱਲ ਨਹੀਂ ਹੈ।