ਭਗਵੰਤ ਸਿੰਘ ਮਾਨ ਦੀ ਪ੍ਰਵਾਨਗੀ ਮਗਰੋਂ ਪੰਜਾਬ ਵਕਫ ਬੋਰਡ ਦੇ ਚਾਰ ਮੈਂਬਰ; ਨਿਯੁਕਤ
ਮੈਂਬਰਾਂ ਵਿੱਚ ਮਲੇਰਕੋਟਲਾ ਦੇ ਉੱਘੇ ਕਾਰੋਬਾਰੀ ਸਟਾਰ ਇੰਪੈਕਟ ਦੇ ਮਾਲਕ ਮੁਹੰਮਦ ਓਵੈਸ ਤੇ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਡਾ: ਅਨਵਰ ਖਾਨ ਭਸੌੜ ਬਣੇ ਮੈਂਬਰ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 3 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਵਾਨਗੀ ਮਗਰੋਂ ਪੰਜਾਬ ਵਕਫ ਬੋਰਡ ਦੇ ਚਾਰ ਮੈਂਬਰ ਨਾਮਜ਼ਦ ਕੀਤੇ ਗਏ ਹਨ, ਜਿਨ੍ਹਾਂ 'ਚੋਂ ਪਹਿਲੇ ਨੰਬਰ 'ਤੇ ਮਲੇਰਕੋਟਲਾ ਦੇ ਉੱਘੇ ਕਾਰੋਬਾਰੀ ਸਟਾਰ ਇੰਪੈਕਟ ਦੇ ਮਾਲਕ ਮੁਹੰਮਦ ਓਵੈਸ ਤੋਂ ਇਲਾਵਾ ਡਾ: ਅਨਵਰ ਖਾਨ ਧੂਰੀ,ਐਡਵੋਕੇਟ ਅਬਦੁਲ ਕਾਦੀਰ ਲੁਧਿਆਣਾ ਅਤੇ ਬਹਾਦਰ ਖਾਨ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਢਾਈ ਸਾਲਾਂ ਤੋਂ ਪੰਜਾਬ ਵਕਫ਼ ਬੋਰਡ ਬਿਨਾਂ ਚੇਅਰਮੈਨ ਤੇ ਮੈਂਬਰਾਂ ਤੋਂ ਬਿਨਾਂ ਪ੍ਰਬੰਧਕ ਦੀ ਦੇਖ-ਰੇਖ 'ਚ ਚੱਲ ਰਿਹਾ ਸੀ। ਪੰਜਾਬ ਵਕਫ਼ ਬੋਰਡ ਦੇ ਮੈਂਬਰ ਅਤੇ ਚੇਅਰਮੈਨ ਬਣਨ ਦੇ ਚਾਹਵਾਨ ਉਮੀਦਵਾਰਾਂ ਵਿੱਚੋਂ ਮੁਹੰਮਦ ਓਵੈਸ ਦੇ ਸਮਰਥਕਾਂ ਵਿੱਚ ਜਿਥੇ ਖੁਸ਼ੀ ਦੀ ਲਹਿਰ ਦੌੜ ਗਈ ਉਥੇ ਹੀ ਪਹਿਲਾਂ ਤੋਂ ਇਸ ਲਈ ਕੋਸ਼ਿਸ਼ਾਂ ਕਰ ਰਹੇ ਆਗੂਆਂ ਵਿੱਚ ਨਿਰਾਸ਼ਾ ਦਿਖਾਈ ਦੇ ਰਹੀ ਹੈ। ਮੈਂਬਰਸ਼ਿਪ ਪੂਰੀ ਕਰਨ ਤੋਂ ਬਾਅਦ ਵਕਫ਼ ਐਕਟ ਅਨੁਸਾਰ ਚੇਅਰਮੈਨ ਦੀ ਚੋਣ ਕੀਤੀ ਜਾਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮੁਹੰਮਦ ਓਵੈਸ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਮਲੇਰਕੋਟਲਾ ਤੋਂ 2017 ਦੀ ਚੋਣ ਲੜ ਚੁੱਕੇ ਹਨ ਅਤੇ ਅਜੇ ਤੱਕ ਉਹ ਅਧਿਕਾਰਤ ਤੌਰ 'ਤੇ ਆਮ ਆਦਮੀ ਪਾਰਟੀ 'ਚ ਸ਼ਾਮਲ ਨਹੀਂ ਹੋਏ ਹਨ।
ਚੇਅਰਮੈਨ ਦੀ ਦੀ ਦੌੜ ਵਿੱਚ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਡਾਕਟਰ ਅਨਵਰ ਖਾਨ ਭਸੌੜ ਦਾ ਨਾਂ ਜਿਥੇ ਪਹਿਲੇ ਦਿਨ ਤੋਂ ਹੀ ਚੱਲਦਾ ਆ ਰਿਹਾ ਹੈ, ਉਥੇ ਹੀ ਇਸ ਦੌਰ ਵਿੱਚ ਅਚਾਨਕ ਮੁਹੰਮਦ ਉਵੈਸ ਦੇ ਆ ਜਾਣ ਨਾਲ ਹੈਰਾਨੀ ਪ੍ਰਗਟਾਈ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਸਨ ਅਤੇ ਉੱਥੇ ਉਨ੍ਹਾਂ ਨੂੰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਨਿਯੁਕਤ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਇਸੇ ਅਧਾਰ ’ਤੇ ਹੀ ਸ਼ਾਇਦ ਪੰਜਾਬ ਸਰਕਾਰ ਵੱਲੋਂ ਪਹਿਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਕੀਤਾ ਗਿਆ ਲੱਗਦਾ ਹੈ ।