ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਵਿਖੇ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
ਮਨਦੀਪ ਖੁਰਮੀ ਹਿੰਮਤਪੁਰਾ
ਗਲਾਸਗੋ, 4 ਦਸੰਬਰ 2023 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਭਾਰਤ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕਾਟਲੈਂਡ ਵਿੱਚ ਵੀ ਜਾਹੋ ਜਲਾਲ ਵੇਖਣ ਵਾਲੇ ਸਨ। ਸਕਾਟਲੈਂਡ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਓਟੈਗੋ ਸਟ੍ਰੀਟ ਵਿੱਚ ਵੀ ਤਿੰਨ ਦਿਨਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਖਬੀਰ ਸਿੰਘ ਰਾਏ, ਕੁਲਵਿੰਦਰ ਸਿੰਘ ਕੈਂਥ, ਜਸਵੀਰ ਸਿੰਘ ਬਮਰਾਹ, ਡਾ. ਬਲਬੀਰ ਸਿੰਘ ਚੀਤਾ, ਇੰਦਰਜੀਤ ਸਿੰਘ ਗਾਬੜੀ ਦੇ ਪਰਿਵਾਰਾਂ ਵੱਲੋਂ ਇਨ੍ਹਾਂ ਧਾਰਮਿਕ ਸਮਾਗਮਾਂ ਦੀ ਸੇਵਾ ਆਪਣੀ ਝੋਲੀ ਪਵਾਈ ਗਈ।
ਇਨ੍ਹਾਂ ਸਮਾਗਮਾਂ ਦੌਰਾਨ ਗਿਆਨੀ ਲਖਵਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਵੱਲੋਂ ਸੰਗਤਾਂ ਨਾਲ ਗੁਰਬਾਣੀ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਮੌਕੇ ਬੁਲਾਰਿਆਂ ਦੇ ਤੌਰ ’ਤੇ ਹਰਦੀਪ ਸਿੰਘ ਸੋਢੀ, ਰਸ਼ਪਾਲ ਸਿੰਘ ਗਾਂਸੀ, ਸੰਦੀਪ ਸਿੰਘ, ਕਰਮਜੀਤ ਸਿੰਘ ਅਤੇ ਬਲਬੀਰ ਸਿੰਘ ਫਰਵਾਹਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਵਰਣਨ ਕੀਤਾ ਗਿਆ। ਇਸ ਸਮੇਂ ਖਾਸ ਗੱਲ ਇਹ ਰਹੀ ਕਿ ਹਰ ਵਾਰ ਦੀ ਤਰ੍ਹਾਂ ਆਰਤੀ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ ਜੋ ਅਲੌਕਿਕ ਦ੍ਰਿਸ਼ ਪੇਸ਼ ਕਰ ਰਹੀ ਸੀ। ਇਸ ਸਮੇਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ ਅਤੇ ਬੁਲਾਰਿਆਂ ਦੇ ਮੂੰਹੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੁਣੀਆਂ ਅਤੇ ਇਨ੍ਹਾਂ ਸਿੱਖਿਆਵਾਂ ਨੂੰ ਆਪਣੀ ਝੋਲੀ ਪਵਾ ਕੇ ਘਰਾਂ ਨੂੰ ਪਰਤੇ।