ਅਣਖ ਦੀ ਖਾਤਰ ਭੈਣ ਤੇ ਭਣੋਈਏ ਦਾ ਕਤਲ - ਮਾਮਲਾ ਪ੍ਰੇਮ ਵਿਆਹ ਕਾਰਨ ਨਰਾਜ਼ਗੀ ਦਾ
ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2023: ਬਠਿੰਡਾ ਜਿਲ੍ਹੇ ਦੇ ਕਸਬਾ ਭੁੱਚੋ ਮੰਡੀ ਨੇੜਲੇ ਪਿੰਡ ਤੁੰਗਵਾਲੀ ਦੇ ਦਸ਼ਮੇਸ਼ ਨਗਰ ਵਿੱਚ ਬੀਤੀ ਦੇਰ ਸ਼ਾਮ ਪ੍ਰੇਮ ਵਿਆਹ ਕਰਵਾਉਣ ਤੋਂ ਨਰਾਜ਼ ਚੱਲ ਰਹੇ ਲੜਕੀ ਦੇ ਭਰਾ ਨੇ ਆਪਣੇ ਚਾਚੇ ਅਤੇ ਚਚੇਰੇ ਭਰਾ ਨਾਲ ਮਿਲਕੇ ਆਪਣੇ ਪੁਲੀਸ ਮੁਲਾਜ਼ਮ ਭਣੋਈਏ ਅਤੇ ਆਪਣੀ ਭੈਣ ਨੂੰ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਨੌਜਵਾਨ ਜਗਮੀਤ ਸਿੰਘ ਅਤੇ ਉਸ ਦੀ ਪਤਨੀ ਬਣੀ ਬੇਅੰਤ ਕੌਰ ਦੇ ਤੌਰ ਤੇ ਕੀਤੀ ਗਈ ਹੈ। ਥਾਣਾ ਨਥਾਣਾ ਪੁਲਿਸ ਨੇ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਤੁੰਗਵਾਲੀ ਦੇ ਬਿਆਨਾਂ ’ਤੇ ਲੜਕੀ ਦੇ ਭਰਾ ਬਲਕਰਨ ਸਿੰਘ ਉਰਫ ਕਾਲਾ ਪੁੱਤਰ ਗੁਰਜੰਟ ਸਿੰਘ , ਕਿਰਪਾਲ ਸਿੰਘ ਉਰਫ ਕਾਕਾ ਪੁੱਤਰ ਹੰਸਾ ਸਿੰਘ ਅਤੇ ਹੰਸਾ ਸਿੰਘ ਪੁੱਤਰ ਹਰੀ ਸਿੰਘ ਵਾਸੀਅਨ ਤੁੰਗਵਾਲੀ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਨੇ ਲਾਸ਼ਾਂ ਨੂੰ ਕਬਜੇ ’ਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਤੋਂ ਪਹਿਲਾਂ ਜਗਮੀਤ ਸਿੰਘ ਦੀ ਆਪਣੇ ਰਿਸ਼ਤੇਦਾਰਾਂ ਨਾਲ ਤਕਰਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਿਸ ਕਾਰਨ ਇਹ ਖੂਨੀ ਕਾਂਡ ਵਾਪਰਿਆ ਹੈ। ਗੁਆਂਢੀਆਂ ਨੇ ਦੱਸਿਆ ਕਿ ਜਗਮੀਤ ਸਿੰਘ ਦੀ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਲੜਕੀ ਬੇਅੰਤ ਕੌਰ ਨੂੰ ਧੱਕੇ ਨਾਲ ਲਿਜਾਣਾ ਚਾਹੁੰਦਾ ਸੀ ਜਦੋਂਕਿ ਲੜਕੀ ਮਾਪਿਆਂ ਦੀ ਰਜਾਮੰਦੀ ਤੋਂ ਬਗੈਰ ਜਾਣਾ ਨਹੀਂ ਚਾਹੁੰਦੀ ਸੀ। ਓਧਰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਕਤਲ ਮਾਮਲੇ ’ਚ ਬਲਕਰਨ ਸਿੰਘ ਉਰਫ ਕਾਲਾ ਪੁੱਤਰ ਗੁਰਜੰਟ ਸਿੰਘ ਅਤੇ ਕਿਰਪਾਲ ਸਿੰਘ ਉਰਫ ਕਾਕਾ ਪੁੱਤਰ ਹੰਸਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਹੰਸਾ ਸਿੰਘ ਪੁੱਤਰ ਹਰੀ ਸਿੰਘ ਵਾਸੀਅਨ ਤੁੰਗਵਾਲੀ ਦੀ ਤਲਾਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿÊਪੁਲਿਸ ਲਾਈਨ ਬਠਿੰਡਾ ਦੇ ਐਮਟੀ ਸੈਕਸ਼ਨ ਕਰਦੇ ਪੁਲਿਸ ਮੁਲਾਜਮ ਜਗਮੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਦਸ਼ਮੇਸ਼ ਨਗਰ (ਤੁੰਗਵਾਲੀ) ਹਾਲ ਆਬਾਦ ਆਦਰਸ਼ ਨਗਰ ਬਠਿੰਡਾ ਨੇ ਆਪਣੇ ਹੀ ਪਿੰਡ ਦੀ ਕੁੜੀ ਬੇਅੰਤ ਕੌਰ ਉਰਫ ਮੰਨੀ ਵਾਸੀ ਦਸਮੇਸ਼ ਨਗਰ ਤੁੰਗਵਾਲੀ ਨਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਜੋ ਨਰਾਜ਼ਗੀ ਦਾ ਕਾਰਨ ਬਣਿਆ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਪ੍ਰੀਵਾਰ ਨੇ ਸਮਝਾਇਆ ਕਿ ਤੇਰੀ ਛੋਟੀ ਭੈਣ ਦਾ ਵਿਆਹ ਕਰਨਾ ਹੈ ਇਸ ਤਰਾਂ ਉਸ ਦਾ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਹੈ। ਪ੍ਰੀਵਾਰ ਵੱਲੋਂ ਸਮਝਾਉਣ ’ਤੇ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਆਪਣੇ ਪਿੰਡ ਰਹਿ ਰਹੀ ਸੀ। ਲੜਕੀ ਦੇ ਪ੍ਰੀਵਾਰ ਦੀ ਮੁੰਡੇ ਵਾਲਿਆਂ ਨਾਲ ਚੰਗੀ ਮਿਲਣਸਾਰਤਾ ਸੀ ਜਿਸ ਕਰਕੇ ਛੋਟੀ ਲੜਕੀ ਦੇ ਵਿਆਹ ਤੱਕ ਬੇਅੰਤ ਕੌਰ ਨੂੰ ਆਪਣੇ ਪਤੀ ਨੂੰ ਨਾਂ ਮਿਲਣ ਦੀ ਤਾਕੀਦ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਪ੍ਰੀਵਾਰ ਨੇ ਇਸ ਦੇ ਬਾਵਜੂਦ ਜਗਮੀਤ ਸਿੰਘ ਰਾਤ ਬਰਾਤੇ ਕਈ ਵਾਰ ਕੰਧ ਟੱਪਕੇ ਬੇਅੰਤ ਕੌਰ ਨੂੰ ਮਿਲਣ ਲਈ ਚਲਾ ਜਾਂਦਾ ਸੀ। ਪ੍ਰੇਮ ਵਿਆਹ ਕਰਨ ਕਾਰਨ ਪ੍ਰੀਵਾਰ ਖਾਸ ਤੌਰ ਤੇ ਬੇਅੰਤ ਕੌਰ ਦੇ ਭਰਾ ਦਾ ਗੁੱਸਾ ਠੰਢਾ ਨਹੀਂ ਹੋਇਆ ਸੀ। ਘਟਨਾ ਵਾਲੇ ਦਿਨ ਵੀ ਜਗਮੀਤ ਸਿੰਘ ਕਾਰ ਲੈਕੇ ਪਤਨੀ ਨੂੰ ਮਿਲਣ ਲਈ ਗਿਆ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦਾ ਆਰਐਮਪੀ ਭਰਾ ਬਲਕਰਨ ਸਿੰਘ ਘਰੋਂ ਬਾਹਰ ਕਿਸੇ ਨੂੰ ਇੰਜੈਕਸ਼ਨ ਲਾਉਣ ਲਈ ਨਿਕਲਿਆ ਤਾਂ ਉਸ ਨੇ ਦੋਵਾਂ ਨੂੰ ਦੇਖ ਲਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਬਲਕਰਨ ਸਿੰਘ ਵਗੈਰਾ ਘਰੋਂ ਤੇਜ ਧਾਰ ਹਥਿਆਰ ਤੇ ਡਾਂਗਾਂ ਵਗੈਰਾ ਚੁੱਕ ਲਿਆਏ ਅਤੇ ਦੋਵਾਂ ਨੂੰ ਲਲਕਾਰਿਆ। ਇਸ ਮੌਕੇ ਜਗਮੀਤ ਸਿੰਘ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਗ੍ਹਾ ਤੰਗ ਹੋਣ ਕਾਰਨ ਭੱਜ ਨਾਂ ਸਕਿਆ ਤਾਂ ਹਮਲਾਵਰਾਂ ਨੇ ਉਸ ਦੇ ਸੱਟਾ ਮਾਰੀਆਂ।
ਜਦੋਂ ਬੇਅੰਤ ਕੌਰ ਆਪਣੇ ਪਤੀ ਨੂੰ ਬਚਾਉਣ ਲਈ ਰਹਿਮ ਦੀ ਭੀਖ ਮੰਗਦੀ ਹੋਈ ਆਪਣੇ ਪਤੀ ’ਤੇ ਡਿੱਗੀ ਤਾਂ ਉਸ ਤੇ ਵੀ ਤੇਜਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ। ਹਮਾਲਵਾਰਾਂ ਵੱਲੋਂ ਕੀਤੇ ਵਾਰਾਂ ਕਾਰਨ ਗੰਭੀਰ ਜਖਮਾਂ ਦੀ ਤਾਬ ਨਾਂ ਝੱਲਦੇ ਹੋਏ ਜਗਮੀਤ ਸਿੰਘ ਅਤੇ ਬੇਅੰਤ ਕੌਰ ਨੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਤੀਸਰੇ ਮੁਲਜਮ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਹਨ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਏਗਾ। ਉਨ੍ਹਾਂ ਆਖਿਆ ਕਿ ਕਤਲ ’ਚ ਹੋਰ ਵੀ ਵਿਅਕਤੀ ਸ਼ਾਮਲ ਹੋ ਸਕਦੇ ਹਨ ਜਿੰਨ੍ਹਾਂ ਬਾਰੇ ਅਸਲੀਅਤ ਹੰਸਾ ਸਿੰਘ ਦੀ ਗ੍ਰਿਫਤਾਰੀ ਉਪਰੰਤ ਸਾਹਮਣੇ ਆ ਸਕੇਗੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਏਗੀ।