ਬਠਿੰਡਾ ਪੁਲਿਸ ਵੱਲੋਂ ਪੌਣੇ ਦੋ ਕਰੋੜ ਦਾ ਲੁੱਟਿਆ ਸੋਨਾ ਬਰਾਮਦ, ਲੁਟੇਰੇ ਬਚ ਨਿਕਲਣ ’ਚ ਸਫਲ
ਅਸ਼ੋਕ ਵਰਮਾ
ਬਠਿੰਡਾ,4ਦਸੰਬਰ 2023: ਬਠਿੰਡਾ ਪੁਲਿਸ ਨੇ ਸੰਗਰੂਰ ਦੇ ਰੇਲਵੇ ਸਟੇਸ਼ਨ ਤੋਂ ਇੱਕ ਵਿਅਕਤੀ ਤੋਂ ਲੁੱਟਿਆ ਗਿਆ 3 ਕਿਲੋ 765 ਗ੍ਰਾਮ ਸੋਨਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਦੋਂਕਿ ਬਦਮਾਸ਼ ਲੁਟੇਰੇ ਹੱਥੋਪਾਈ ਕਰਦੇ ਹੋਏ ਹਨੇਰਾ ਦਾ ਫਾਇਦਾ ਚੁੱਕਦਿਆਂ ਮੌਕੇ ਤੋਂ ਫਰਾਰ ਹੋਣ ’ਚ ਸਫਲ ਹੋ ਗਏ । ਬਰਾਮਦ ਹੋਏ ਸੋਨੇ ਦੇ ਗਹਿਣੇ 54 ਡੱਬਿਆਂ ਵਿੱਚ ਬੰਦ ਸਨ ਅਤੇ ਸੋਨੇ ਦੀ ਕੀਮਤ 1 ਕਰੋੜ 75 ਲੱਖ ਰੁਪਏ ਹੈ। ਅੱਜ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੇ ਇਸ ਸਬੰਧ ’ਚ ਖੁਲਾਸਾ ਕਰਦਿਆਂ ਦਾਅਵਾ ਕੀਤਾ ਕਿ ਲੁਟੇਰਿਆਂ ਦੀ ਪਛਾਣ ਕਰ ਲਈ ਹੈ ਜਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਬਦਮਾਸ਼ਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।
ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਪੁਲਿਸ ਨੇ ਚਾਰ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਐਸਐਸਪੀ ਨੇ ਦੱਸਿਆ ਕਿ ਸੰਗਰੂਰ ’ਚ ਹੋਈ ਵਾਰਦਾਤ ਕਾਰਨ ਪੁਲਿਸ ਪਹਿਲਾਂ ਤੋਂ ਹੀ ਚੌਕਸ ਸੀ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਬੀਬੀ ਵਾਲਾ ਰੋਡ ਤੋਂ ਨਾਰਥ ਅਸਟੇਟ ਵੱਲ ਜਾ ਰਹੇ ਸਨ। ਇਸੇ ਦੌਰਾਨ ਪੁਲਿਸ ਪਾਰਟੀ ਨੂੰ ਗਗਨ ਗੈਸਟਰੋ ਹਸਪਤਾਲ ਕੋਲ ਕੁੱਝ ਵਿਅਕਤੀ ਇੱਕ ਬੈਗ ਕੋਲ ਖੜ੍ਹੇ ਸਨ ਜਿੰਨ੍ਹਾਂ ਨੇ ਪੁਲਿਸ ਨੂੰ ਹੱਥ ਦੇ ਕੇ ਰੋਕਿਆ। ਉਨ੍ਹਾਂ ਦੱਸਿਆ ਕਿ ਇੱਕ ਨੌਜਵਾਨ ਨੇ ਆਪਣਾ ਨਾਮ ਸਾਹਿਲ ਖਿੱਪਲ ਪੁੱਤਰ ਮਨਮੋਹਣ ਸਿੰਘ ਦੱਸਦਿਆਂ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕੰਪਨੀ ਦਾ ਨਾਮ ਸ੍ਰੀ ਬਰਾਈਟ ਮੈਜਿਸਟਕ ਕੰਪਨੀ ਹੈ ਜਿਸ ਦਾ ਦਫਤਰ ਸੂਰਤ ਵਿਖੇ ਹੈ ਜੋ ਸੁਨਿਆਰਿਆਂ ਨੂੰ ਆਰਡਰ ਤੇ ਸੋਨਾ ਸਪਲਾਈ ਕਰਦੀ ਹੈ।
ਸਾਹਿਲ ਨੇ ਦੱਸਿਆ ਕਿ ਕੰਪਨੀ ਦਾ ਇੱਕ ਕਰਮਚਾਰੀ ਰਾਜੂ ਪੁੱਤਰ ਗੋਵਰਧਨ ਵਾਸੀ ਬੀਕਾਨੇਰ ਦਿੱਲੀ ਤੋਂ ਸੋਨੇ ਦੇ ਗਹਿਣਿਆ ਵਾਲਾ ਬੈਗ ਲੈਕੇ ਬਠਿੰਡਾ ਆ ਰਿਹਾ ਸੀ। ਲੁਟੇਰਿਆਂ ਨੇ ਸੰਗਰੂਰ ਰੇਲਵੇ ਸਟੇਸ਼ਨ ਤੋਂ ਬੈਗ ਖੋਹ ਲਿਆ ਅਤੇ ਕਾਰ ਰਾਹੀਂ ਬਠਿੰਡਾ ਵੱਲ ਆਏ ਸਨ। ਉਨ੍ਹਾਂ ਦੱਸਿਆ ਕਿ ਸਾਹਿਲ ਮੁਤਾਬਕ ਉਨ੍ਹਾਂ ਨੇ ਬੀਬੀ ਵਾਲਾ ਚੌਂਕ ’ਚ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਇਸ ਥਾਂ ਤੇ ਅਸੀਂ ਘੇਰ ਲਿਆ। ਸਾਹਿਲ ਨੇ ਦੱਸਿਆ ਕਿ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ ਜਿੰਨ੍ਹਾਂ ਚੋਂ ਦੋ ਦੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਸਾਹਿਲ ਅਨੁਸਾਰ ਲੁਟੇਰਿਆਂ ਦੀ ਉਨ੍ਹਾਂ ਨਾਲ ਹੱਥੋਪਾਈ ਹੋਈ ਅਤੇ ਇਹ ਚਾਰੇ ਬੈਗ ਸੁੱਟ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਸੋਨੇ ਦੀ ਲੁੱਟ ਸਬੰਧੀ ਥਾਣਾ ਜੀਆਰਪੀ ਸੰਗਰੂਰ ਵਿਖੇ ਵੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਐਸਐਸਪੀ ਨੇ ਦੱਸਿਆ ਕਿ ਵਰਦੀਧਾਰੀ ਨੌਜਵਾਨਾਂ ਦੀ ਅਸਲੀਅਤ ਜਾਨਣ ਲਈ ਡੂੰਘਾਈ ਨਾਲ ਪੜਤਾਲ ਕੀਤੀ ਜਾਏਗੀ।