← ਪਿਛੇ ਪਰਤੋ
ਮਾਸੂਮ ਬੇਟੇ ਨਾਲ ਖੁਦਕੁਸ਼ੀ ਕਰਨ ਵਾਲੀ ਵਿਆਹੁਤਾ ਦੀ ਹੋਈ ਸ਼ਨਾਖਤ!
ਦੀਪਕ ਗਰਗ
ਕੋਟਕਪੂਰਾ, 12 ਫਰਵਰੀ 2024 :- ਪਿਛਲੇ ਦਿਨੀਂ ਫਰੀਦਕੋਟ ਸ਼ਹਿਰ ਵਿੱਚੋਂ ਲੰਘਦੀ ਸਰਹੰਦ ਨਹਿਰ ਵਿੱਚੋਂ ਮਾਸੂਮ ਬੱਚੇ ਅਤੇ ਔਰਤ ਦੀਆਂ ਇਕ ਦੂਜੇ ਨਾਲ ਬੰਨ੍ਹੀਆਂ ਹੋਈਆਂ ਲਾਸ਼ਾਂ ਦੀ ਸ਼ਨਾਖਤ ਹੋ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮਿ੍ਰਤਕ ਲੜਕੀ ਸ਼ਰਨਜੀਤ ਕੌਰ ਦੇ ਪਿਤਾ ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢੀਮਾਂਵਾਲੀ ਦੇ ਬਿਆਨਾ ਦੇ ਆਧਾਰ ’ਤੇ ਮਿ੍ਰਤਕ ਵਿਆਹੁਤਾ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾ ਵਿੱਚ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ ਬੇਟੀ ਸ਼ਰਨਜੀਤ ਕੌਰ ਦਾ ਵਿਆਹ ਬੋਹੜ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਪਿੰਡ ਗੋਬਿੰਦਗੜ ਦਬੜੀਖਾਨਾ ਨਾਲ ਹੋਇਆ ਸੀ ਪਰ ਵਿਆਹ ਤੋਂ ਬਾਅਦ ਉਸਦੇ ਪਤੀ ਅਤੇ ਸੱਸ ਉਸਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਸ਼ਿਕਾਇਤ ਕਰਤਾ ਮੁਤਾਬਿਕ ਬੋਹੜ ਸਿੰਘ ਦੇ ਆਪਣੇ ਹੀ ਪਿੰਡ ਦੀ ਇਕ ਹੋਰ ਵਿਆਹੁਤਾ ਲੜਕੀ ਨਾਲ ਨਜਾਇਜ ਸਬੰਧ ਸਨ। ਜਿਸ ਤੋਂ ਤੰਗ ਆ ਕੇ ਸ਼ਰਨਜੀਤ ਕੌਰ ਨੇ ਆਪਣੇ ਪੌਣੇ ਦੋ ਸਾਲ ਦੇ ਮਾਸੂਮ ਬੇਟੇ ਨੂੰ ਪਹਿਲਾਂ ਆਪਣੇ ਸਰੀਰ ਨਾਲ ਚੰਗੀ ਤਰਾਂ ਬੰਨਿ੍ਹਆਂ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਤਫਤੀਸ਼ੀ ਅਫਸਰ ਏਐਸਆਈ ਜਸਵੰਤ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਉਕਤਾਨ ਖਿਲਾਫ ਆਈਪੀਸੀ ਦੀ ਧਾਰਾ 306/34 ਤਹਿਤ ਮਾਮਲਾ ਦਰਜ ਕਰਕੇ ਮਿ੍ਰਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
Total Responses : 197