ਸ਼ੁਭਕਰਨ ਸਿੰਘ ਦੀ ਮੌਤ ਵਿਰੁਧ ਮੋਗਾ ਵਿਖੇ ਵੱਡਾ ਰੋਸ ਵਿਖਾਵਾ
ਸੁਖਮੰਦਰ ਹਿੰਮਤਪੁਰੀ
ਮੋਗਾ 23 ਫਰਵਰੀ 2024 : ਅੱਜ ਸੰਯੁਕਤ ਕਿਸਾਨ ਮੋਰਚੇ ਨੇ ਖਨੌਰੀ ਬੈਰੀਅਰ 'ਤੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਰੋਸ ਵਜੋਂ ਅੱਜ ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕੇ ਗਏ। ਅੱਜ ਇੱਥੇ ਚੌਂਕ ਵਿੱਚ ਇਕੱਠੇ ਕਿਸਾਨਾਂ ਵਿੱਚ ਭਾਜਪਾ ਸਰਕਾਰ ਦੇ ਜਬਰ ਵਿਰੁੱਧ ਰੋਹ ਸੀ। ਇਸ ਮੌਕੇ ਕਿਸਾਨ ਆਗੂਆਂ ਪ੍ਰਗਟ ਸਿੰਘ ਸਾਫੂਵਾਲਾ, ਭੁਪਿੰਦਰ ਸਿੰਘ ਦੌਲਤਪੁਰਾ, ਸੂਰਤ ਸਿੰਘ ਧਰਮਕੋਟ ਅਤੇ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਚੱਲੇ ਕਿਸਾਨੀ ਸੰਘਰਸ਼ ਦੌਰਾਨ ਜੋ ਮੰਗਾਂ ਮੰਨੀਆਂ ਸਨ, ਉਹਨਾਂ ਤੋਂ ਮੁੱਕਰ ਰਹੀ ਹੈ। ਸਰਕਾਰ ਨੂੰ ਵਾਅਦਾ ਯਾਦ ਕਰਵਾਉਣ ਲਈ ਪ੍ਰਦਰਸ਼ਨ ਕਰਦੇ ਕਿਸਾਨਾਂ ਉੱਤੇ ਹਰਿਆਣਾ ਸਰਕਾਰ ਬੇਇੰਤਹਾ ਤਸ਼ਦਦ ਢਾਹ ਹੈ, ਇਹ ਨਾ ਬਰਦਾਸ਼ਤ ਯੋਗ ਹੈ। ਕੇਂਦਰ ਸਰਕਾਰ ਜਬਰ ਵਧਾਉਣ ਦੀਆਂ ਹਦਾਇਤਾਂ ਕਰਕੇ ਆਪਣਾ ਕਿਸਾਨ ਅਤੇ ਖੇਤੀ ਵਿਰੋਧੀ ਚਿਹਰਾ ਜੱਗ ਜਾਹਰ ਕਰ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਹਰਿਆਣਾ ਹੱਦ ਉੱਤੇ ਕਿਸਾਨਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਨ ਲਈ ਜਿੰਮੇਵਾਰ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਉੱਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰਦੇ ਕਿਸਾਨਾਂ ਮਜ਼ਦੂਰਾਂ ਉੱਤੇ ਕੇਸ ਦਰਜ ਕੀਤੇ ਜਾ ਸਕਦੇ ਨੇ ਤਾਂ, ਨਜਾਇਜ਼ ਢੰਗ ਨਾਲ ਜਾਨੀ ਨੁਕਸਾਨ ਕਰਨ ਵਾਲੇ ਮੰਤਰੀਆਂ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸਰਕਾਰੀ ਦਹਿਸ਼ਤਗਰਦੀ ਦਾ ਸੰਯੁਕਤ ਕਿਸਾਨ ਮੋਰਚਾ ਮੂੰਹ ਤੋੜ ਜਵਾਬ ਦੇਵੇਗਾ। ਭਾਜਪਾ ਸਰਕਾਰ ਦੀ ਵਾਅਦਾ ਖਿਲਾਫ਼ੀ ਵਿਰੁੱਧ ਕਿਸਾਨ ਲਹਿਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਉਂਦੀ 26 ਫਰਵਰੀ ਨੂੰ ਮੁੱਖ ਮਾਰਗਾਂ ਉੱਤੇ ਟਰੈਕਟਰ ਪ੍ਰਦਰਸ਼ਨ ਕਰਕੇ ਕਿਸਾਨ ਅੰਦੋਲਨ ਦੀਆਂ ਮੰਗਾਂ ਅਤੇ ਭਾਰਤੀ ਖੇਤੀ ਨੂੰ ਡਬਲਿਯੂ ਟੀ ਓ ਵਿੱਚੋਂ ਬਾਹਰ ਕਢਵਾਉਣ ਲਈ ਰੋਸ ਪ੍ਰਗਟ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਡਬਲਿਯੂ ਟੀ ਓ ਵਰਗੇ ਕੌਮਾਂਤਰੀ ਅਦਾਰਿਆਂ ਨੇ ਸਾਡੀ ਖੇਤੀ ਨੂੰ ਉਜਾੜ ਦਿੱਤਾ ਹੈ। ਇਹਦੇ ਕਰਕੇ ਕਿਸਾਨੀ ਲਗਾਤਰ ਕਰਜ਼ਾਈ ਹੋ ਕੇ ਖੇਤੀ ਵਿੱਚੋਂ ਬਾਹਰ ਹੋ ਰਹੀ ਹੈ। ਇਸੇ ਕਰਕੇ ਹੀ ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਉੱਤੇ ਵੀ ਲਗਾਤਾਰ ਕੱਟ ਲਾ ਰਹੀ ਹੈ, ਲਾਗਤੀ ਖਰਚੇ ਵੱਧ ਰਹੇ ਹਨ। ਆਗੂਆਂ ਨੇ ਇਹ ਵੀ ਕਿਹਾ ਕਿ 14 ਮਾਰਚ ਨੂੰ ਪੂਰੇ ਦੇਸ਼ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਕਿਸਾਨ ਅੰਦੋਲਨ ਸਭ ਵਰਗਾਂ ਦੇ ਲੋਕਾਂ ਨੂੰ ਮੋਦੀ ਦੇ ਲੋਕ ਵਿਰੋਧੀ ਮਨਸੂਬਿਆਂ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦੇ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਇਸ ਸਮੇਂ ਕਾਰਪੋਰੇਟ ਤੇ ਪੂੰਜੀਪਤੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਸ ਦਾ ਹਰ ਵਰਗ ਨੂੰ ਕਿ ਖਮਿਆਜਾ ਭੁਗਤਣਾ ਪੈ ਰਿਹਾ ਹੈ। ਸਰਕਾਰ ਪਿਛਲੇ 10 ਸਾਲ ਵਿੱਚ ਨਾ ਕੋਈ ਰੁਜ਼ਗਾਰ ਮੁਹਈਆ ਕਰਾ ਸਕੀ ਹੈ ਨਾ ਕੋਈ ਕਿਸਾਨੀ ਲਈ ਲਾਹੇਵੰਦ ਕਾਨੂੰਨ ਬਣਾ ਸਕੀ ਹੈ। ਆਉਂਦੀਆਂ ਪਾਰਲੀਮੈਂਟ ਚੋਣਾਂ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਮੋਦੀ ਸਰਕਾਰ ਦੀਆਂ ਫੁੱਟਪਾਊ, ਦਮਨਕਾਰੀ ਅਤੇ ਲੁਟੇਰੀਆਂ ਨੀਤੀਆਂ ਦੇ ਲੋਕਾਂ ਵਿੱਚ ਨੰਗਿਆਂ ਕਰੇਗਾ।
ਇਸ ਮੌਕੇ ਬਲਕਰਨ ਸਿੰਘ ਢਿੱਲੋਂ, ਲਖਵਿੰਦਰ ਸਿੰਘ ਰੌਲੀ, ਬੂਟਾ ਸਿੰਘ ਤਖਾਣਵੱਧ, ਕੁਲਦੀਪ ਖੁਖਰਾਣਾ, ਅਮਰਜੀਤ ਸਿੰਘ ਸ਼ੇਰਪੁਰੀ, ਜਸਪ੍ਰੀਤ ਕੌਰ ਬੱਧਣੀ, ਜਸਪਾਲ ਸਿੰਘ ਪੁਰਾਣੇਵਾਲਾ, ਮੋਹਨ ਸਿੰਘ ਡਾਲਾ, ਹਰਦਿਆਲ ਸਿੰਘ ਘਾਲੀ, ਡਾ: ਗੁਰਚਰਨ ਸਿੰਘ ਦਾਤੇਵਾਲ, ਜਗਵਿੰਦਰ ਕਾਕਾ, ਅਨਮੋਲ ਕਮੱਗਰ, ਗੁਰਮੇਲ ਸਿੰਘ ਰੱਜੀਵਾਲਾ, ਪ੍ਰੇਮ ਲਾਲ ਪੁਰੀ, ਗੁਰਚਰਨ ਸਿੰਘ ਮਹਿਰੋਂ, ਸ਼ੇਰਬਹਾਦਰ ਸਿੰਘ ਦੌਲਤਪੁਰਾ, ਪਾਲ ਸਿੰਘ ਘੱਲਕਲਾਂ ਅਤੇ ਸੁਖਜਿੰਦਰ ਮਹੇਸਰੀ ਆਦਿ ਹਾਜ਼ਰ ਸਨ।